ਨਵੀਂ ਦਿੱਲੀ, 30 ਸਤੰਬਰ
ਇੱਥੇ 68ਵੇਂ ਕੌਮੀ ਫ਼ਿਲਮ ਪੁਰਸਕਾਰ ਸਮਾਗਮ ਦੌਰਾਨ ਸੀਨੀਅਰ ਅਦਾਕਾਰਾ ਆਸ਼ਾ ਪਾਰਿਖ ਨੂੰ ਅੱਜ ਭਾਰਤੀ ਸਿਨੇਮਾ ਦੇ ਸਭ ਵੱਡੇ ਐਜਾਜ਼ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬੌਲੀਵੁੱਡ ਅਦਾਕਾਰ ਅਜੈ ਦੇਵਗਨ ਨੂੰ ਫ਼ਿਲਮ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਲਈ ਕੌਮੀ ਪੁਰਸਕਾਰ ਦਿੱਤਾ ਗਿਆ। ਅਜੈ ਦੇਵਗਨ ਦਾ ਇਹ ਤੀਜਾ ਕੌਮੀ ਫ਼ਿਲਮ ਐਵਾਰਡ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਫ਼ਿਲਮ ‘ਜ਼ਖ਼ਮ’ ਅਤੇ ‘ਦਿ ਲੀਜੈਂਡ ਆਫ ਭਗਤ ਸਿੰਘ’ ਲਈ ਐਵਾਰਡ ਮਿਲ ਚੁੱਕਾ ਹੈ। ਫ਼ਿਲਮਸਾਜ਼ ਮਧੁਰ ਭੰਡਾਰਕਰ ਨੂੰ ਉਨ੍ਹਾਂ ਦੀ ਫ਼ਿਲਮ ‘ਅਵੀਜਾਤਰਿਕ’ ਲਈ ਸਰਵੋਤਮ ਡਾਇਰੈਕਟਰ ਦੇ ਐਵਾਰਡ ਨਾਲ ਨਿਵਾਜਿਆ ਗਿਆ। ਦੱਖਣੀ ਫ਼ਿਲਮਾਂ ਦੇ ਅਦਾਕਾਰ ਸੂਰਿਆ ਅਤੇ ਉਸ ਦੀ ਪਤਨੀ ਤੇ ਅਦਾਕਾਰਾ ਜਯੋਤਿਕਾ ਨੂੰ ਫ਼ਿਲਮ ‘ਸੂਰਾਰਾਈ ਪੋਟਰੂ’ ਲਈ ਸਰਵੋਤਮ ਅਦਾਕਾਰ ਤੇ ਅਦਾਕਾਰਾ ਜਦੋਂਕਿ ਵਿਸ਼ਾਲ ਭਾਰਦਵਾਜ ਨੂੰ ਦਸਤਾਵੇਜ਼ੀ ਫ਼ਿਲਮ ‘1232 ਕਿਲੋਮੀਟਰ’ ਵਿੱਚ ਉਨ੍ਹਾਂ ਦੀ ਗੀਤ ‘ਮਾਰੇਂਗੇ ਤੋਂ ਵਹੀਂ ਜਾਕਰ’ ਲਈ ਸਰਵੋਤਮ ਸੰਗੀਤ ਕੰਪੋਜੀਸ਼ਨ ਕੈਟਾਗਰੀ ਲਈ ਐਵਾਰਡ ਦਿੱਤਾ ਗਿਆ। ਫ਼ੀਚਰ ਫ਼ਿਲਮ ਸ਼੍ਰੇਣੀ ’ਚ ਹਰਿਆਣਵੀ ਫ਼ਿਲਮ ‘ਦਾਦਾ ਲਖਮੀ’ ਨੂੰ ਐਵਾਰਡ ਮਿਲਿਆ। ਕੌਮੀ ਪੁਰਸਕਾਰ ਵਿੱਚ ਸੋਨੇ ਦੇ ਕਮਲ, ਸ਼ਾਲ ਤੇ ਦਸ ਹਜ਼ਾਰ ਰੁਪਏ ਨਕਦ ਦਿੱਤੇ ਜਾਂਦੇ ਹਨ। ਕੌਮੀ ਫ਼ਿਲਮ ਪੁਰਸਕਾਰ ਦੇਣ ਲਈ ਇੱਥੇ ਵਿਗਿਆਨ ਭਵਨ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਹਾਜ਼ਰ ਸਨ। -ਪੀਟੀਆਈ