ਨਵੀਂ ਦਿੱਲੀ, 14 ਅਗਸਤ
ਜੰਮੂ ਕਸ਼ਮੀਰ ਪੁਲੀਸ ਦੇ ਏਐੱਸਆਈ ਬਾਬੂ ਰਾਮ ਅਤੇ ਕਾਂਸਟੇਬਲ ਅਲਤਾਫ ਹੁਸੈਨ ਭੱਟ ਨੂੰ ਮਰਨ ਉਪਰੰਤ ਕ੍ਰਮਵਾਰ ‘ਅਸ਼ੋਕ ਚੱਕਰ’ ਅਤੇ ‘ਕੀਰਤੀ ਚੱਕਰ’ ਬਹਾਦਰੀ ਪੁਰਸਕਾਰ ਦਿੱਤਾ ਗਿਆ। 75ਵੇਂ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਅੱਜ ਦੋਵਾਂ ਪੁਲੀਸ ਜਵਾਨਾਂ ਦੇ ਨਾਮ ਦੀ ਪੁਸ਼ਟੀ ਕੀਤੀ ਗਈ ਹੈ। ‘ਅਸ਼ੋਕ ਚੱਕਰ’ ਦੇਸ਼ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ, ਜਦੋਂਕਿ ‘ਕੀਰਤੀ ਚੱਕਰ’ ਦੂਜੇ ਨੰਬਰ ਦਾ ਵੱਕਾਰੀ ਬਹਾਦਰੀ ਪੁਰਸਕਾਰ ਹੈ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਹਥਿਆਰਬੰਦ ਬਲਾਂ (ਪੁਲੀਸ ਤੇ ਅਰਧ ਸੈਨਿਕ ਬਲ) ਨੂੰ ਕੁੱਲ 144 ਬਹਾਦਰੀ ਪੁਰਸਕਾਰ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚੋਂ 15 ਜਵਾਨਾਂ ਨੂੰ ‘ਸ਼ੌਰਿਆ ਚੱਕਰ’, ਚਾਰ ਨੂੰ ‘ਬਾਰ ਟੂ ਸੈਨਾ ਮੈਡਲਜ਼’ ਅਤੇ 116 ਨੂੰ ‘ਸੈਨਾ ਮੈਡਲਜ਼’ ਅਤੇ ਇੱਕ ‘ਅਸ਼ੋਕ ਚੱਕਰ’ ਅਤੇ ਇੱਕ ‘ਕੀਰਤੀ ਚੱਕਰ’ ਦਿੱਤਾ ਗਿਆ। ਭਾਰਤ ਦਾ ਤੀਜਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ‘ਸੌਰਿਆ ਚੱਕਰ’ ਪਿਛਲੇ ਸਾਲ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਰੋਕੂ ਮੁਹਿੰਮਾਂ ਵਿੱਚ ਬਹਾਦਰੀ ਦਿਖਾਉਣ ਵਾਲੇ ਛੇ ਜਵਾਨਾਂ ਨੂੰ ਦਿੱਤਾ ਗਿਆ ਹੈ। ਭਾਰਤੀ ਫ਼ੌਜ ਮੁਤਾਬਕ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਮੇਜਰ ਅਰੁਣ ਕੁਮਾਰ ਪਾਂਡੇ, ਮੇਜਰ ਰਵੀ ਕੁਮਾਰ ਚੌਧਰੀ, ਕੈਪਟਨ ਆਸ਼ੂਤੋਸ਼ ਕੁਮਾਰ (ਮਰਨ ਉਪਰੰਤ), ਕੈਪਟਨ ਵਿਕਾਸ ਖੱਤਰੀ, ਰਾਈਫਲਮੈਨ ਮੁਕੇਸ਼ ਕੁਮਾਰ ਅਤੇ ਸਿਪਾਹੀ ਨੀਰਜ ਅਹਿਲਾਵਤ ਸ਼ਾਮਲ ਹਨ। ਫ਼ੌਜ ਨੇ ਕਿਹਾ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਫ਼ੌਜ ਦੇ ਚਾਰ ਜਵਾਨਾਂ ਨੂੰ ‘ਬਾਰ ਟੂ ਸੈਨਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਲੋਕ ਸਭਾ ਚੋਣਾਂ-2019 ਦੌਰਾਨ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿੱਚ ਮਾਓਵਾਦੀਆਂ ਨਾਲ ਲੋਹਾ ਲੈਣ ਵਾਲੇ ਕੋਬਰਾ ਕਮਾਂਡੋ ਦੇ ਤਿੰਨ ਜਵਾਨਾਂ ਨੂੰ ‘ਸੌਰਿਆ ਚੱਕਰ’ ਨਾਲ ਸਨਮਾਨਿਆ ਗਿਆ ਹੈ। ਇਨ੍ਹਾਂ ਵਿੱਚ ਕੋਬਰਾ ਕਮਾਂਡੋ ਦੀ 201ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਚਿਤੇਸ਼ ਕੁਮਾਰ, ਸਬ ਇੰਸਪੈਕਟਰ ਮਨਜਿੰਦਰ ਸਿੰਘ ਅਤੇ ਕਾਂਸਟੇਬਲ ਸੁਨੀਲ ਚੌਧਰੀ ਸ਼ਾਮਲ ਹਨ। -ਪੀਟੀਆਈ