* ਈਵੀਐੱਮਜ਼ ’ਚ ਦਰਜ ਵੋਟਾਂ ਵਿੱਚ ਖ਼ਾਮੀਆਂ ’ਤੇ ਗੰਭੀਰ ਚਿੰਤਾ ਜਤਾਈ
ਨਵੀਂ ਦਿੱਲੀ, 1 ਅਗਸਤ
ਚੋਣ ਸੁਧਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ‘ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼’ (ਏਡੀਆਰ) ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਲੋਕ ਸਭਾ ਚੋਣਾਂ ’ਚ ਪਈਆਂ ਵੋਟਾਂ ਅਤੇ ਉਨ੍ਹਾਂ ਦੀ ਗਿਣਤੀ ’ਚ ਗੜਬੜੀ ਦਾ ਕਾਰਨ ਦੱਸਣ ਦੀ ਮੰਗ ਕੀਤੀ ਹੈ। ਏਡੀਆਰ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ’ਚ 538 ਹਲਕਿਆਂ ’ਚ ਪਾਈਆਂ ਗਈ ਵੋਟਾਂ ਅਤੇ ਗਿਣਤੀ ’ਚ ਖ਼ਾਮੀਆਂ ਹਨ।
ਪ੍ਰੈੱਸ ਕਾਨਫਰੰਸ ’ਚ ਜਾਰੀ ਏਡੀਆਰ ਦੇ ਅਧਿਐਨ ਮੁਤਾਬਕ ਹਾਲੀਆ ਲੋਕ ਸਭਾ ਚੋਣਾਂ ’ਚ 362 ਸੰਸਦੀ ਹਲਕਿਆਂ ’ਚ ਪਾਈਆਂ ਗਈਆਂ ਵੋਟਾਂ ਦੇ ਮੁਕਾਬਲੇ ’ਚ ਕੁੱਲ 5,54,598 ਵੋਟਾਂ ਘੱਟ ਗਿਣੀਆਂ ਗਈਆਂ ਜਦਕਿ 176 ਹਲਕਿਆਂ ’ਚ ਪਾਈਆਂ ਗਈਆਂ ਵੋਟਾਂ ਦੇ ਮੁਕਾਬਲੇ ’ਚ ਕੁੱਲ 35,093 ਵੋਟ ਵੱਧ ਗਿਣੇ ਗਏ। ਏਡੀਆਰ ਨੇ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਧੂ ਨੂੰ ਪੱਤਰ ਲਿਖ ਕੇ 2024 ਦੀਆਂ ਆਮ ਚੋਣਾਂ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਦਰਜ ਕੀਤੀਆਂ ਗਈਆਂ ਵੋਟਾਂ ’ਚ ਕਥਿਤ ਖ਼ਾਮੀਆਂ ’ਤੇ ਗੰਭੀਰ ਚਿੰਤਾ ਜਤਾਈ। ਪੱਤਰ ’ਚ ਸਾਲ 2019 ਦਾ ਵੀ ਜ਼ਿਕਰ ਕੀਤਾ ਗਿਆ ਹੈ ਜਦੋਂ ਇਸ ਮੁੱਦੇ ਨੂੰ ਲੈ ਕੇ ਏਡੀਆਰ ਅਤੇ ਕਾਮਨ ਕਾਜ਼ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਉਨ੍ਹਾਂ ਚੋਣ ਕਮਿਸ਼ਨ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਕਿ ਉਹ ਮਿਲਾਣ ਤੋਂ ਪਹਿਲਾਂ ਅੰਤਿਮ ਅੰਕੜਿਆਂ ਦੇ ਆਧਾਰ ’ਤੇ ਨਤੀਜਿਆਂ ਦਾ ਐਲਾਨ ਕਰਨਾ ਬੰਦ ਕਰ ਦੇਵੇ। ਉਨ੍ਹਾਂ ਕਮਿਸ਼ਨ ਨੂੰ ਖ਼ਾਮੀਆਂ ਦੇ ਕਾਰਨ ਵੀ ਸਪੱਸ਼ਟ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ