ਕੋਲਕਾਤਾ, 17 ਜਨਵਰੀ
ਭਾਜਪਾ ਦੇ ਸੀਨੀਅਰ ਆਗੂ ਤਥਾਗਤ ਰੌਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੌਮੀ ਰਾਜਧਾਨੀ ਵਿਚ ਗਣਤੰਤਰ ਦਿਵਸ ਪਰੇਡ ਮੌਕੇ ਬੰਗਾਲ ਵਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਝਾਕੀ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਅਜਿਹੀ ਅਪੀਲ ਕੀਤੀ ਸੀ। ਕੇਂਦਰ ਵੱਲੋਂ ਗਣਤੰਤਰ ਦਿਵਸ ਮੌਕੇ ਤਾਮਿਲਨਾਡੂ ਦੀ ਝਾਕੀ ਰੱਦ ਕਰਨ ’ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਪਰੇਡ ਵਿਚ ਤਾਮਿਲਨਾਡੂ ਦੀ ਝਾਕੀ ਸ਼ਾਮਲ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ
ਨੇਤਾਜੀ ਦੀ ਮਹਾਨ ਵਿਰਾਸਤ ’ਤੇ ਅਕਸਰ ਰਾਜਨੀਤੀ ਹੋਈ: ਅਨੀਤਾ ਬੋਸ
ਕੋਲਕਾਤਾ: ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਵਿਚ ਪੱਛਮੀ ਬੰਗਾਲ ਦੀ ਝਾਕੀ ਨੂੰ ਰੱਦ ਕਰਨ ’ਤੇ ਵਿਵਾਦ ਵਧ ਗਿਆ ਹੈ। ਨੇਤਾਜੀ ਸੁਭਾਸ਼ ਚੰਦਰ ਦੀ ਧੀ ਅਨੀਤਾ ਬੋਸ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਉਘਾ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੈਲਾਨੀ ਦੀ ਵਿਰਾਸਤ ਨਾਲ ਅਕਸਰ ਸਿਆਸੀ ਕਾਰਨਾਂ ਕਰ ਕੇ ਸਿਆਸਤ ਕੀਤੀ ਜਾਂਦੀ ਰਹੀ ਹੈ।
ਕੇਂਦਰ ’ਤੇ ਦੋਸ਼ ਲਾਉਣੇ ਗਲਤ
ਨਵੀਂ ਦਿੱਲੀ: ਗਣਤੰਤਰ ਦਿਵਸ ਪਰੇਡ ਵਿਚ ਝਾਕੀਆਂ ਨੂੰ ਰੱਦ ਕਰਨ ਦੇ ਸੂਬਿਆਂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬਿਆਂ ਦੀਆਂ ਝਾਕੀਆਂ ਨੂੰ ਰੱਦ ਮਾਹਿਰਾਂ ਦੀ ਕਮੇਟੀ ਨੇ ਕੀਤਾ ਹੈ ਜੋ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣ ਵਾਲੀਆਂ ਝਾਕੀਆਂ ਨੂੰ ਸ਼ਾਰਟਲਿਸਟ ਕਰਦੀ ਹੈ। ਇਸ ਵਿਚ ਕੇਂਦਰ ਦਾ ਕੋਈ ਹੱਥ ਨਹੀਂ ਹੈ।