ਨਵੀਂ ਦਿੱਲੀ, 30 ਅਪਰੈਲ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ ਦੇ ਹਮਰੁਤਬਾ ਵਾਂਗ ਯੀ ਨਾਲ ਗੱਲਬਾਤ ਕੀਤੀ ਤੇ ਚੀਨ ਨੂੰ ਦੋਵਾਂ ਦੇਸ਼ਾਂ ਦਰਮਿਆਨ ਪੂਰਬੀ ਲਦਾਖ ਦੀਆਂ ਹੱਦਾਂ ਦੇ ਮਾਮਲੇ ਵਿਚ ਸਮਝੌਤੇ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ। ਇਕ ਦਿਨ ਪਹਿਲਾਂ ਚੀਨ ਦੇ ਵਿਦੇਸ਼ ਮੰਤਰੀ ਨੇ ਭਾਰਤ ਵਿਚ ਕਰੋਨਾ ਮਹਾਮਾਰੀ ਦੇ ਹਾਲਾਤ ’ਤੇ ਹਮਦਰਦੀ ਪ੍ਰਗਟਾਈ ਸੀ। ਐਸ ਜੈਸ਼ੰਕਰ ਨੇ ਅੱਜ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਚੀਨ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਤੇ ਹਵਾਈ ਉਡਾਣਾਂ ਖੁੱਲ੍ਹੀਆਂ ਰੱਖਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਇਹ ਖਬਰਾਂ ਵੀ ਆਈਆਂ ਸਨ ਕਿ ਅਮਰੀਕੀ ਫਰਮਾਂ ਨੂੰ ਚੀਨ ਰਾਹੀਂ ਮੈਡੀਕਲ ਸਪਲਾਈ ਭੇਜਣ ਵਿਚ ਸਮੱਸਿਆਵਾਂ ਆ ਰਹੀਆਂ ਹਨ। ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀ ਨੇ ਮਾਸਕੋ ਵਿਚ 10 ਸਤੰਬਰ ਦੀ ਮੀਟਿੰਗ ਵਿਚ ਲਦਾਖ ਸਰਹੱਦ ਦੇ ਪੰਜ ਨੁਕਾਤੀ ਸਮਝੌਤੇ ’ਤੇ ਸਹੀ ਪਾਈ ਸੀ।-ਪੀਟੀਆਈ