ਗੁਹਾਟੀ, 27 ਜੂਨ
ਅਸਾਮ ਦੀਆਂ ਜ਼ਿਆਦਾਤਰ ਨਦੀਆਂ ਵਿੱਚ ਪਾਣੀ ਦਾ ਪੱਧਰ ਘਟਣ ਨਾਲ ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ ਪਰ ਹਾਲੇ ਵੀ 22 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਿਲਚਰ ਵਿੱਚ ਸਥਿਤੀ ਹਾਲੇ ਵੀ ਗੰਭੀਰ ਹੈ। ਕਈ ਇਲਾਕੇ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ। ਐਤਵਾਰ ਨੂੰ ਪੰਜ ਹੋਰ ਵਿਅਕਤੀਆਂ ਦੀ ਮੌਤ ਹੋਣ ਮਗਰੋਂ ਸੂਬੇ ਵਿੱਚ ਕੁੱਲ ਮੌਤਾਂ ਦੀ ਗਿਣਤੀ 126 ਹੋ ਗਈ ਹੈ ਜਦਕਿ ਦੋ ਵਿਅਕਤੀ ਲਾਪਤਾ ਹਨ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਏਐੱਸਡੀਐੱਮਏ) ਅਨੁਸਾਰ ਐਤਵਾਰ ਨੂੰ 28 ਜ਼ਿਲ੍ਹਿਆਂ ਵਿੱਚ 22.21 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ ਸਨ ਜਦਕਿ ਇਸ ਤੋਂ ਪਿਛਲੇ ਦਿਨ ਇਹ ਗਿਣਤੀ 25.10 ਲੱਖ ਸੀ। ਕੋਪਿਲੀ, ਬਰਾਕ ਅਤੇ ਕੁਸ਼ਿਆਰਾ ਨਦੀਆਂ ਹਾਲੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਪਾਣੀ ਵਿੱਚ ਡੁੱਬੇ ਸਿਲਚਰ ਦੇ ਉਨ੍ਹਾਂ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਪ੍ਰਸ਼ਾਸਨ ਹਾਲੇ ਤੱਕ ਨਹੀਂ ਪਹੁੰਚ ਸਕਿਆ। ਹਵਾਈ ਸੈਨਾ ਦੇ ਹੈਲੀਕਾਪਟਰਾਂ ਨਾਲ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਜ਼ਰੂਰੀ ਸਾਮਾਨ ਵੰਡਿਆ ਜਾ ਰਿਹਾ ਹੈ। -ਪੀਟੀਆਈ