ਗੁਹਾਟੀ, 7 ਮਾਰਚ
ਕਾਂਗਰਸ ਵੱਲੋਂ ਅਸਾਮ ਵਿਧਾਨ ਸਭਾ ਚੋਣਾਂ ਲਈ ਐਲਾਨੀ ਗਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਅੱਧੇ ਨਵੇਂ ਚਿਹਰੇ ਹਨ। ਤਿਤਾਬੋੜ ਸੀਟ ਬਾਰੇ ਫ਼ੈਸਲਾ ਪਾਰਟੀ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਪਰਿਵਾਰ ਨਾਲ ਰਾਬਤੇ ਤੋਂ ਬਾਅਦ ਕਰੇਗੀ। ਦੇਹਾਂਤ ਤੋਂ ਪਹਿਲਾਂ ਉਹ ਇੱਥੋਂ ਚਾਰ ਵਾਰ ਲਗਾਤਾਰ ਵਿਧਾਇਕ ਰਹਿ ਚੁੱਕੇ ਸਨ। ਸੂਬੇ ਵਿਚ 27 ਮਾਰਚ ਨੂੰ ਪਹਿਲੇ ਗੇੜ ’ਚ 47 ਸੀਟਾਂ ’ਤੇ ਵੋਟਾਂ ਪੈਣਗੀਆਂ। ਸੂਚੀ ਵਿਚ ਕਰੀਬ 20 ਨਵੇਂ ਨਾਂ ਹਨ ਤੇ ਛੇ ਮੌਜੂਦਾ ਵਿਧਾਇਕ ਹਨ। ਭਾਜਪਾ ਤਿਤਾਬੋੜ ਸੀਟ ਜਿੱਤਣ ਲਈ ਪੂਰੀ ਵਾਹ ਲਾ ਰਹੀ ਹੈ। ਤਿਤਾਬੋੜ ਤੋਂ ਇਲਾਵਾ ਕਾਂਗਰਸ ਵੱਲੋਂ ਹਾਲੇ ਤਿਨਸੁਕੀਆ, ਬਿਹਾਲੀ, ਢੀਂਗ ਤੇ ਬੋਕਾਖਾਟ ਸੀਟਾਂ ਲਈ ਉਮੀਦਵਾਰ ਐਲਾਨੇ ਜਾਣੇ ਬਾਕੀ ਹਨ। ਕੁਝ ਸੀਟਾਂ ਭਾਈਵਾਲਾਂ ਲਈ ਵੀ ਛੱਡੀਆਂ ਜਾਣੀਆਂ ਹਨ। ਸੂਬਾਈ ਕਾਂਗਰਸ ਮੁਖੀ ਤੇ ਰਾਜ ਸਭਾ ਮੈਂਬਰ ਰਿਪੁਨ ਬੋਰਾ ਗੋਹਪੁਰ ਹਲਕੇ ਤੋਂ ਚੋਣ ਲੜਨਗੇ। ਜ਼ਿਕਰਯੋਗ ਹੈ ਕਿ ਕਾਂਗਰਸ ਅਸਾਮ ਚੋਣਾਂ ਏਆਈਯੂਡੀਐਫ, ਬੀਪੀਐਫ, ਸੀਪੀਐਮ, ਸੀਪੀਆਈ, ਸੀਪੀਆਈ-ਐਮਐਲ ਤੇ ਏਜੀਐਮ ਨਾਲ ‘ਮਹਾਗੱਠਜੋੜ’ ਕਰ ਕੇ ਲੜ ਰਹੀ ਹੈ। ਅਸਾਮ ਦੀਆਂ 126 ਸੀਟਾਂ ਉਤੇ ਚੋਣਾਂ ਤਿੰਨ ਗੇੜਾਂ ਵਿਚ ਹੋਣਗੀਆਂ। -ਪੀਟੀਆਈ
ਤਾਮਿਲਨਾਡੂ: ਕਾਂਗਰਸ ਡੀਐਮਕੇ ਤੋਂ ਸੱਤਾ ’ਚ ਹਿੱਸਾ ਨਹੀਂ ਮੰਗੇਗੀ
ਚੇਨਈ: ਤਾਮਿਲਨਾਡੂ ਕਾਂਗਰਸ ਪ੍ਰਧਾਨ ਕੇ.ਐੱਸ. ਅਲਾਗਿਰੀ ਨੇ ਅੱਜ ਕਿਹਾ ਕਿ ਜੇ ਡੀਐਮਕੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਚੁਣੀ ਜਾਂਦੀ ਹੈ ਤਾਂ ਪਾਰਟੀ ਉਸ ਤੋਂ ਸੱਤਾ ’ਚ ਹਿੱਸਾ ਨਹੀਂ ਮੰਗੇਗੀ। ਉਨ੍ਹਾਂ ਕਾਂਗਰਸ ਨੂੰ ਭਾਈਵਾਲ ਡੀਐਮਕੇ ਤੋਂ 25 ਸੀਟਾਂ ਮਿਲਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ। ਹਾਲਾਂਕਿ ਕਾਂਗਰਸ ਨੇ ਡੀਐਮਕੇ ਤੋਂ ਰਾਜ ਸਭਾ ਸੀਟ ਮੰਗੀ ਹੈ। ਕਾਂਗਰਸ ਨੇ ਡੀਐਮਕੇ ਮੁਖੀ ਐਮ.ਕੇ. ਸਟਾਲਿਨ ਨਾਲ ਸੀਟਾਂ ਬਾਰੇ ਸਮਝੌਤਾ ਸਹੀਬੱਧ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 2006-11 ਦੌਰਾਨ ਜਦ ਡੀਐਮਕੇ ਸੱਤਾ ਵਿਚ ਸੀ ਤਾਂ ਕਾਂਗਰਸ ਨੇ ‘ਸੱਤਾ ਵਿਚ ਹਿੱਸੇ’ ਦੀ ਜ਼ੋਰਦਾਰ ਮੰਗ ਕੀਤੀ ਗਈ ਸੀ।