ਗੁਹਾਟੀ, 28 ਅਗਸਤ
ਅਸਾਮ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ ਅਸਾਮੀਆਂ ਲਈ ਅੱਜ ਹੋਈ ਲਿਖਤੀ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਗੜਬੜ ਰੋਕਣ ਲਈ 27 ਜ਼ਿਲ੍ਹਿਆਂ ਵਿੱਚ ਚਾਰ ਘੰਟਿਆਂ ਲਈ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਅਜਿਹਾ ਇਸ ਮਹੀਨੇ ਦੂਜੀ ਵਾਰ ਹੋਇਆ ਹੈ। ਗੁਹਾਟੀ ਹਾਈ ਕੋਰਟ ਨੇ ਪ੍ਰੀਖਿਆ ਦੌਰਾਨ ਇੰਟਰਨੈੱਟ ਸੇਵਾ ਮੁਅੱਤਲ ਕਰਨ ਦੇ ਹੁਕਮਾਂ ਵਿਰੁੱਧ ਦਾਇਰ ਰਿਟ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਮਗਰੋਂ ਅਧਿਕਾਰੀਆਂ ਨੇ ਇਹ ਫ਼ੈਸਲਾ ਲਿਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ 27 ਜ਼ਿਲ੍ਹਿਆਂ ’ਚ ਪ੍ਰੀਖਿਆ ਹੋ ਰਹੀ ਹੈ, ਉੱਥੇ ਧਾਰਾ 144 ਵੀ ਲਗਾਈ ਗਈ ਹੈ। ਰਾਜ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਦਰਜਾ ਤਿੰਨ ਅਤੇ ਦਰਜਾ ਚਾਰ ਦੀਆਂ ਲਗਪਗ 30,000 ਅਸਾਮੀਆਂ ਲਈ 21, 28 ਅਗਸਤ ਅਤੇ 11 ਸਤੰਬਰ ਦੀਆਂ ਪ੍ਰੀਖਿਆਵਾਂ ਵਿੱਚ 14.30 ਲੱਖ ਤੋਂ ਵੱਧ ਉਮੀਦਵਾਰਾਂ ਦੇ ਬੈਠਣ ਦੀ ਉਮੀਦ ਹੈ। ਦਰਜਾ ਚਾਰ ਦੀ ਪ੍ਰੀਖਿਆ 21 ਅਗਸਤ ਨੂੰ ਦੋ ਸ਼ਿਫਟਾਂ ’ਚ ਲਈ ਗਈ ਸੀ ਜਦਕਿ ਦਰਜਾ ਤਿੰਨ ਦੀ ਪ੍ਰੀਖਿਆ ਅੱਜ ਹੋਈ ਹੈ। ਸਾਰੀਆਂ ਪ੍ਰੀਖਿਆਵਾਂ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਅਸਾਮ (ਐੱਸਈਬੀਏ) ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ 26 ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ ਪਰ ਇਸ ਵਾਰ ਬਾਰਪੇਟਾ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ