ਬਾਰਪੇਟਾ (ਅਸਾਮ), 16 ਅਪਰੈਲ
ਬੰਗਲਾਦੇਸ਼ ਵਿੱਚ ਅਲਕਾਇਦਾ ਨੈੱਟਵਰਕ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਛੇ ਮਸ਼ਕੂਕਾਂ ਨੂੰ ਅਸਾਮ ਦੇ ਬਾਰਪੇਟਾ ਜ਼ਿਲ੍ਹੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਐੱਸਪੀ ਅਮਿਤਵਾ ਸਿਨਹਾ ਨੇ ਦੱਸਿਆ ਕਿ ‘ਭਾਰਤੀ ਉਪ ਮਹਾਦੀਪ ਵਿੱਚ ਅਲਕਾਇਦਾ’ (ਏਕਿਊਆਈਐੱਸ) ਨਾਲ ਜੁੜੇ ਛੇ ਸ਼ੱਕੀਆਂ ਨੂੰ ਹਾਊਲੀ ਦੇ ਇੱਕ ਮਦਰੱਸੇ ਤੋਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ, ‘‘ਚਾਰ ਮਾਰਚ ਨੂੰ ਫੜੇ ਗਏ ਇੱਕ ਜਹਾਦੀ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਅਸੀਂ ਇਨ੍ਹਾਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।’’ ਸਿਨਹਾ ਨੇ ਕਿਹਾ ਕਿ ਗ੍ਰਿਫ਼ਤਾਰ ਵਿਅਕਤੀ ਬਰਪੇਟਾ ਦੇ ਵਸਨੀਕ ਹਨ। -ਪੀਟੀਆਈ