ਗੁਹਾਟੀ/ਕੋਕਰਾਝਾਰ, 1 ਅਪਰੈਲ
ਅਸਾਮ ਵਿੱਚ ਸ਼ੁੱਕਰਵਾਰ ਨੂੰ ਪੁਲੀਸ ਨਾਲ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਤਿੰਨ ਸ਼ੱਕੀ ਲੁਟੇਰੇ ਮਾਰੇ ਗਏ ਹਨ। ਗੋਪਾਲਪਾਰਾ ਦੇ ਐੱਸਪੀ ਰਾਕੇਸ਼ ਰੈੱਡੀ ਨੇ ਦੱਸਿਆ ਕਿ ਇੱਕ ਮਹੀਨੇ ਤੋਂ ਲੁਟੇਰਿਆਂ ਦੇ ਇੱਕ ਗੈਂਗ ਅਤੇ ਕਤਲ ਦੇ ਮੁਲਜ਼ਮਾਂ ਦੀ ਪੈੜ ਦੱਬੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਤਲਾਹ ਮਿਲਣ ਮਗਰੋਂ ਪੁਲੀਸ ਨੇ ਰਾਤ ਲੱਗਪਗ 8.30 ਵਜੇ ਗੋਪਾਲਪਾਰ ਦੇ ਅਗੀਆ ਇਲਾਕੇ ਵਿੱਚ ਇੱਕ ਵਾਹਨ ਰੋਕਿਆ। ਜਦੋਂ ਵਾਹਨ ਵਿਚਲੇ ਸਵਾਰਾਂ ਨੂੰ ਬਾਹਰ ਆਉਣ ਲਈ ਆਖਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਦੋ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਕੋਕਰਾਝਾਰ ਜ਼ਿਲ੍ਹੇ ਵਿੱਚ ਦੂਜੀ ਘਟਨਾ ਦੌਰਾਨ ਐੱਨਐੱਲਐੱਫਬੀ ਦਾ ਸਾਬਕਾ ਦਹਿਸ਼ਤਗਰਦ ਮਾਰਿਆ ਗਿਆ ਹੈ। ਉਸ ਨੂੰ ਵੀਰਵਾਰ ਨੂੰ ਚਿਰਾਗ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਹੜਾ ਕਿ 10-15 ਲੁਟੇਰਿਆਂ ਦੇ ਗੈਂਗ ਦੀ ਅਗਵਾਈ ਕਰਦਾ ਸੀ। ਪੁਲੀਸ ਉਸ ਨੂੰ ਲੁੱਟ ਦੇ ਗਹਿਣਿਆਂ ਤੇ ਪੈਸਿਆਂ ਦੀ ਬਰਾਮਦਗੀ ਲਈ ਕੋਕਰਾਝਾਰ ਦੇ ਉਲਟਾਪਾਨੀ ਜੰਗਲ ਵਿੱਚ ਲੈ ਕੇ ਗਈ, ਜਿੱਥੇ ਉਸ ਨੇ ਇੱਕ ਰਿਵਾਲਵਰ ਨਾਲ ਗੋਲੀਆਂ ਚਲਾਉਂਦਿਆਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਦੀ ਜਵਾਬ ਕਾਰਵਾਈ ਵਿੱਚ ਉਸ ਨੂੰ ਗੋਲੀ ਲੱਗ ਗਈ। ਕੋਕਰਾਝਾਰ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੰਜੁਲਾ ਵਰੇ ਵਜੋਂ ਹੋਈ ਹੈ। ਮੌਕੇ ਤੋਂ ਸੋਨੇ ਦੇ ਗਹਿਣੇ, ਇੱਕ ਲੱਖ ਰੁਪਏ, ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। -ਪੀਟੀਆਈ