ਗੁਹਾਟੀ, 15 ਫਰਵਰੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਦੀ ‘ਐਕਟ ਈਸਟ’ ਨੀਤੀ ’ਚ ਅਸਾਮ ਦਾ ਅਹਿਮ ਸਥਾਨ ਹੈ ਅਤੇ ਇਸ ਦਾ ਚੌਤਰਫ਼ਾ ਵਿਕਾਸ ਨੀਤੀ ਦੀ ਸਫ਼ਲਤਾ ਦਾ ਮੁੱਖ ਧੁਰਾ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਾਮ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਜਪਾਨ ਕੌਮਾਂਤਰੀ ਸਹਿਯੋਗ ਏਜੰਸੀ ਦੀ ਸਹਾਇਤਾ ਨਾਲ ਸੂਬੇ ’ਚ ਲਗਾਏ ਗਏ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਵੇਂ ਕੌਮਾਂਤਰੀ ਨੀਤੀਆਂ ਅਤੇ ਭਾਈਵਾਲੀਆਂ ਨਾਲ ਸੂਬਿਆਂ ਦੇ ਵਿਕਾਸ ’ਚ ਯੋਗਦਾਨ ਪਾਇਆ ਜਾ ਸਕਦਾ ਹੈ। ਜੈਸ਼ੰਕਰ ਨਾਲ ਜਪਾਨ ਦੇ ਭਾਰਤ ’ਚ ਸਫ਼ੀਰ ਸਾਤੋਸ਼ੀ ਸੁਜ਼ੂਕੀ ਵੀ ਹਾਜ਼ਰ ਸਨ ਜੋ ਅਸਾਮ ’ਚ ਜਪਾਨ ਦੀ ਸਹਾਇਤਾ ਨਾਲ ਲਗਾਏ ਗਏ ਪ੍ਰਾਜੈਕਟਾਂ ਦੀ ਨਜ਼ਰਸਾਨੀ ਕਰਨ ਲਈ ਆਏ ਹੋਏ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਖ਼ਿੱਤੇ ’ਚ ਹੋਰ ਨਿਵੇਸ਼ ਅਤੇ ਐਕਟ ਈਸਟ ਨੀਤੀ ਨੂੰ ਸਫ਼ਲ ਬਣਾਉਣ ਲਈ ਸੂਬਿਆਂ ਨੂੰ ਜੋੜ ਕੇ ਕਾਰੋਬਾਰ ਵਾਲਾ ਮਾਹੌਲ ਬਣਾਉਣ ਦੀ ਲੋੜ ਹੈ। ਗੁਆਂਢੀ ਮੁਲਕ ਮਿਆਂਮਾਰ ਦੇ ਸਿਆਸੀ ਘਟਨਾਕ੍ਰਮ ਦੇ ਐਕਟ ਈਸਟ ਨੀਤੀ ’ਤੇ ਪੈਣ ਵਾਲੇ ਅਸਰ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਆਸ ਜਤਾਈ ਕਿ ਵਿਕਾਸ ਪ੍ਰਾਜੈਕਟਾਂ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। -ਪੀਟੀਆਈ