ਨਵੀਂ ਦਿੱਲੀ (ਪੱਤਰ ਪ੍ਰੇਰਕ): ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਯੂਪੀ ਦੇ ਪੁਲੀਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਸਾਬਕਾ ਸਿੱਖ ਫ਼ੌਜੀ ਰੇਸ਼ਮ ਸਿੰਘ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ’ਤੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਤੇਜ਼ੀ ਨਾਲ ਕਰਨ ਜਿਨ੍ਹਾਂ ਖ਼ਿਲਾਫ਼ ਪੀਲੀਭੀਤ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ਦੇ ਸਾਰੇ ਤੱਥਾਂ ਨੂੰ ਨਿਰਪੱਖਤਾ ਨਾਲ ਘੋਖ ਕੇ ਢੁੱਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਖਨਊ ਤੋਂ ਅੰਮ੍ਰਿਤਸਰ ਤੇ ਆਸਟਰੇਲੀਆ ਤੋਂ ਅਮਰੀਕਾ ਤੱਕ ਦੇ ਪੰਜਾਬੀ ਭਾਈਚਾਰੇ ਦੀ ਨਜ਼ਰ ਉੱਤਰ ਪ੍ਰਦੇਸ਼ ਪੁਲੀਸ ਦੀ ਕਾਰਗੁਜ਼ਾਰੀ ਉਪਰ ਟਿਕੀ ਹੋਈ ਹੈ। ਉਨ੍ਹਾਂ ਇਸ ਘਟਨਾਕ੍ਰਮ ਉਪਰ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਚੇਤੇ ਰਹੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਾਮਲੇ ਦਾ ਪਿੱਛਾ ਕੀਤਾ ਹੈ ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਚਾਰਾਜੋਈ ਕੀਤੀ ਹੈ।