* ਜਾਮਤਾੜਾ ’ਚ ਸਭ ਤੋਂ ਵੱਧ 76.16 ਫੀਸਦ ਵੋਟਿੰਗ
ਮੁੰਬਈ/ਰਾਂਚੀ, 20 ਨਵੰਬਰ
ਮਹਾਰਾਸ਼ਟਰ ਵਿਧਾਨ ਸਭਾ ਦੀਆਂ ਸਾਰੀਆਂ 288 ਸੀਟਾਂ ’ਤੇ ਅੱਜ ਪਈਆਂ ਵੋਟਾਂ ਦੌਰਾਨ ਸ਼ਾਮ 5 ਵਜੇ ਤੱਕ 58.43 ਫ਼ੀਸਦ ਵੋਟਿੰਗ ਹੋਈ। ਸੂਬੇ ਵਿੱਚ ਸਭ ਤੋਂ ਵੱਧ 69.63 ਫ਼ੀਸਦ ਵੋਟਿੰਗ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਹੋਈ। ਇਸ ਦੇ ਨਾਲ ਹੀ ਨਾਂਦੇੜ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ ਹੈ, ਜਿੱਥੇ ਸ਼ਾਮ 5 ਵਜੇ ਤੱਕ 53.78 ਫੀਸਦ ਵੋਟਿੰਗ ਹੋਈ। ਇਸੇ ਤਰ੍ਹਾਂ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਦੌਰਾਨ 38 ਅਸੈਂਬਲੀ ਸੀਟਾਂ ’ਤੇ ਪਈਆਂ ਵੋਟਾਂ ਦੌਰਾਨ ਸ਼ਾਮ 5 ਵਜੇ ਤੱਕ 67.69 ਫ਼ੀਸਦ ਮਤਦਾਨ ਹੋਇਆ। ਇਹ ਜਾਣਕਾਰੀ ਚੋਣ ਅਧਿਕਾਰੀਆਂ ਨੇ ਦਿੱਤੀ।
ਚੋਣ ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਗੜ੍ਹਚਿਰੌਲੀ ਸੀਟ ’ਤੇ ਸ਼ਾਮ 5 ਵਜੇ ਤੱਕ ਸਭ ਤੋਂ ਵੱਧ 69.63 ਫੀਸਦ ਵੋਟਿੰਗ ਹੋਈ। ਠਾਣੇ ਵਿੱਚ ਪੈਂਦੀ ਮੁੱਖ ਮੰਤਰੀ ਏਕਨਾਥ ਸਿੰਦੇ ਦੀ ਕੋਪਰੀ-ਪਚਪਾਖੜੀ ਸੀਟ ’ਤੇ ਸ਼ਾਮ 5 ਵਜੇ ਤੱਕ 55.77 ਫੀਸਦ ਵੋਟਿੰਗ ਹੋਈ। ਠਾਣੇ ਜ਼ਿਲ੍ਹੇ ਵਿੱਚ ਸ਼ਾਮ 5 ਵਜੇ ਤੱਕ ਕੁੱਲ 49.76 ਫੀਸਦ ਮਤਦਾਨ ਹੋਇਆ। ਇਸੇ ਤਰ੍ਹਾਂ ਉਪ ਮੁੱਖ ਮੰਤਰੀ ਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਦੇ ਨਾਗਪੁਰ ਦੱਖਣ-ਪੱਛਮੀ ਹਲਕੇ ਵਿੱਚ ਸ਼ਾਮ 5 ਵਜੇ ਤੱਕ 51.54 ਫੀਸਦ ਵੋਟਿੰਗ ਹੋਈ। ਨਾਗਪੁਰ ਜ਼ਿਲ੍ਹੇ ਵਿੱਚ ਸ਼ਾਮ 5 ਵਜੇ ਤੱਕ ਕੁੱਲ 56.06 ਫੀਸਦ ਵੋਟਾਂ ਪਈਆਂ। ਵੋਟਿੰਗ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਫੜਨਵੀਸ ਨਾਗਪੁਰ ਵਿੱਚ ਸਥਿਤ ਆਰਐੱਸਐੱਸ ਦੇ ਦਫ਼ਤਰ ਪੁੱਜ ਗਏ। ਪੁਣੇ ਜ਼ਿਲ੍ਹੇ ਦੀ ਬਾਰਾਮਤੀ ਸੀਟ ਜਿੱਥੋਂ ਉਪ ਮੁੱਖ ਮੰਤਰੀ ਤੇ ਐੱਨਸੀਪੀ ਆਗੂ ਅਜੀਤ ਪਵਾਰ ਮੈਦਾਨ ਵਿੱਚ ਹਨ, ਵਿੱਚ ਸ਼ਾਮ 5 ਵਜੇ ਤੱਕ 62.31 ਫ਼ੀਸਦ ਵੋਟਿੰਗ ਹੋਈ। ਸਾਰੇ ਪੁਣੇ ਜ਼ਿਲ੍ਹੇ ਵਿੱਚ 54.09 ਫੀਸਦ ਮਤਦਾਨ ਹੋਇਆ। ਨਾਸਿਕ ਜ਼ਿਲ੍ਹੇ ਵਿੱਚ ਸ਼ਾਮ 5 ਵਜੇ ਤੱਕ 60.11 ਫੀਸਦ ਵੋਟਾਂ ਪਈਆਂ।
ਇਸੇ ਤਰ੍ਹਾਂ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਦੌਰਾਨ 38 ਸੀਟਾਂ ’ਤੇ ਕੁੱਲ 67.59 ਫ਼ੀਸਦ ਮਤਦਾਨ ਹੋਇਆ। ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ 5 ਵਜੇ ਤੱਕ ਚੱਲੀ। ਹਾਲਾਂਕਿ, 31 ਬੂਥਾਂ ’ਤੇ ਪੋਲਿੰਗ ਸ਼ਾਮ ਨੂੰ 4 ਵਜੇ ਹੀ ਖ਼ਤਮ ਹੋ ਗਈ ਸੀ। ਇਸ ਦੌਰਾਨ ਜਿਹੜੇ ਵੋਟਰ ਕਤਾਰਾਂ ਵਿੱਚ ਖੜ੍ਹੇ ਸਨ ਉਨ੍ਹਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ ਗਈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ 5 ਵਜੇ ਤੱਕ ਕੁੱਲ 67.59 ਫੀਸਦ ਵੋਟਿੰਗ ਦਰਜ ਕੀਤੀ ਗਈ। ਸਭ ਤੋਂ ਵੱਧ 76.16 ਫੀਸਦ ਵੋਟਿੰਗ ਜਾਮਤਾੜਾ ਜ਼ਿਲ੍ਹੇ ਵਿੱਚ ਹੋਈ ਜਦਕਿ ਬੋਕਾਰੋ ਵਿਧਾਨ ਸਭਾ ਸੀਟ ’ਤੇ ਸਭ ਤੋਂ ਘੱਟ 50.52 ਫੀਸਦ ਵੋਟਿੰਗ ਦਰਜ ਕੀਤੀ ਗਈ। ਉਸ ਤੋਂ ਬਾਅਦ ਪਾਕੁਰ ’ਚ 75.88 ਫੀਸਦ, ਦਿਓਘਰ ’ਚ 72.46 ਫੀਸਦ ਅਤੇ ਰਾਂਚੀ ਵਿੱਚ 72.01 ਫੀਸਦ ਵੋਟਿੰਗ ਦਰਜ ਕੀਤੀ ਗਈ। ਇਸੇ ਦੌਰਾਨ ਲਾਤੂਰ ਸ਼ਹਿਰ ’ਚ ਅੱਜ 101 ਸਾਲਾ ਔਰਤ ਨੇ ਵੋਟ ਪਾਈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਅੱਜ 18 ਜ਼ਿਲ੍ਹਿਆਂ ਦੇ ਸਾਰੇ 6,995 ਬੂਥਾਂ ’ਤੇ 10 ਹਜ਼ਾਰ ਤੋਂ ਵੱਧ ਕੈਮਰਿਆਂ ਨਾਲ ਵੋਟਿੰਗ ਪ੍ਰਕਿਰਿਆ ਦੀ ਨਿਗਰਾਨੀ ਰੱਖੀ ਗਈ। ਜ਼ਿਲ੍ਹਾ ਕੁਲੈਕਟਰ ਅਸ਼ੋਕ ਸ਼ਿੰਗਾਰੇ ਨੇ ਦੱਸਿਆ ਕਿ ਪਿਛਲੀਆਂ ਚੋਣਾਂ ਵਿੱਚ ਕੁੱਝ ਬੂਥਾਂ ’ਤੇ ਹੀ ਕੈਮਰੇ ਲਾਏ ਗਏ ਸਨ। ਇਸ ਵਾਰ ਵੱਖ-ਵੱਖ ਪੋਲਿੰਗ ਬੂਥਾਂ ’ਤੇ ਕੁੱਲ 10,486 ਵੈੱਬ ਕੈਮਰੇ ਲਾਏ ਗਏ। -ਪੀਟੀਆਈ
ਨਾਸਿਕ ’ਚ ਪੋਲਿੰਗ ਸ਼ੁਰੂ ਹੁੰਦਿਆਂ ਈਵੀਐੱਮ ਖ਼ਰਾਬ
ਨਾਸਿਕ:
ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਅੱਜ ਸਵੇਰੇ ਪੋਲਿੰਗ ਸ਼ੁਰੂ ਹੁੰਦਿਆਂ ਹੀ ਪੋਲਿੰਗ ਬੂਥ ’ਤੇ ਈਵੀਐੱਮ ਖਰਾਬ ਹੋ ਗਈ, ਜਿਸ ਕਾਰਨ ਕੁਝ ਵੋਟਰਾਂ ਨੂੰ ਕੁਝ ਦੇਰ ਉਡੀਕ ਕਰਨੀ ਪਈ। ਸੂਤਰਾਂ ਮੁਤਾਬਕ ਇਹ ਘਟਨਾ ਉੱਤਰੀ ਮਹਾਰਾਸ਼ਟਰ ਜ਼ਿਲ੍ਹੇ ਦੇ ਨੰਦਗਾਓਂ ਵਿਧਾਨ ਸਭਾ ਹਲਕੇ ਦੇ ‘ਨਿਊ ਇੰਗਲਿਸ਼ ਸਕੂਲ’ ਦੇ ਪੋਲਿੰਗ ਬੂਥ ਨੰਬਰ 164 ’ਤੇ ਵਾਪਰੀ। ਉਨ੍ਹਾਂ ਦੱਸਿਆ ਕਿ ਸਵੇਰੇ ਸੱਤ ਵਜੇ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਇੱਕ ਈਵੀਐਮ ਖਰਾਬ ਹੋ ਗਈ। ਕੁੱਝ ਵੋਟਰਾਂ ਦੀਆਂ ਉਂਗਲਾਂ ’ਤੇ ਸਿਆਹੀ ਦੇ ਨਿਸ਼ਾਨ ਲਾਏ ਜਾ ਚੁੱਕੇ ਸਨ, ਜਿਸ ਕਰਕੇ ਉਨ੍ਹਾਂ ਨੂੰ ਬਾਹਰ ਕਤਾਰਾਂ ਵਿੱਚ ਉਡੀਕ ਕਰਨੀ ਪਈ। ਚੋਣ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕੁਝ ਸਮੇਂ ਬਾਅਦ ਸਮੱਸਿਆ ਹੱਲ ਹੋ ਗਈ। -ਪੀਟੀਆਈ
ਸ਼ਿਵ ਸੈਨਾ ਉਮੀਦਵਾਰ ਦੀ ਕਾਰ ’ਤੇ ਗੋਲੀਆਂ ਚਲਾਈਆਂ
ਮੁੰਬਈ:
ਮਹਾਰਾਸ਼ਟਰ ਦੇ ਸ੍ਰੀਰਾਮਪੁਰ ਵਿੱਚ ਅੱਜ ਸੇਵੇਰ ਤਿੰਨ ਅਣਪਛਾਤਿਆਂ ਨੇ ਸ਼ਿਵ ਸੈਨਾ ਉਮੀਦਵਾਰ ਭਾਊਸਾਹਿਬ ਕਾਂਬਲੇ ਦੀ ਗੱੱਡੀ ’ਤੇ ਗੋਲੀਆਂ ਚਲਾ ਦਿੱਤੀਆਂ। ਪੁੁਲੀਸ ਅਧਿਕਾਰੀ ਨੇ ਦੱਸਿਆ ਕਿ ਵੋਟਿੰਗ ਵਾਲੇ ਦਿਨ ਦੋ ਮੋਟਰਸਾਈਕਲਾਂ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਅਸ਼ੋਕ ਸ਼ੂਗਰ ਮਿੱਲ ਨੇੜੇ ਕਾਂਬਲੇ ਦੀ ਕਾਰ ਨੂੰ ਨਿਸ਼ਾਨਾ ਬਣਾਇਆ, ਹਾਲਾਂਕਿ ਕਾਰ ਅਤੇ ਕਾਂਬਲੇ ਨੂੰ ਗੋਲੀਆਂ ਨਹੀਂ ਲੱਗੀਆਂ। ਸ੍ਰੀਰਾਮਪੁਰ ਪੁਲੀਸ ਨੇ ਕਾਂਬਲੇ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਅਤੇ ਜਾਂਚ ਜਾਰੀ ਹੈ। -ਪੀਟੀਆਈ
ਸ਼ਿਵ ਸੈਨਾ (ਯੂਬੀਟੀ) ਆਗੂ ’ਤੇ ਵੋਟਰਾਂ ਨੂੰ ਪੈਸੇ ਤੇ ਸ਼ਰਾਬ ਵੰਡਣ ਦਾ ਦੋਸ਼
ਠਾਣੇ:
ਠਾਣੇ ਪੁਲੀਸ ਨੇ ਅੱਜ ਕੋਪਰੀ-ਪਚਪਖਾੜੀ ਤੋਂ ਸ਼ਿਵ ਸੈਨਾ (ਯੂਬੀਟੀ) ਉਮੀਦਵਾਰ ਕੇਦਾਰ ਦਿਘੇ ਖ਼ਿਲਾਫ਼ ਵੋਟਰਾਂ ਨੂੰ ਪੈਸੇ ਤੇ ਸ਼ਰਾਬ ਵੰਡਣ ਦੀ ਯੋਜਨਾ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸ਼ਿੰਦੇ ਦੇ ਸਲਾਹਕਾਰ ਮਰਹੂਮ ਆਨੰਦ ਦਿਘੇ ਦਾ ਭਤੀਜਾ ਕੇਦਾਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਹੈ। ਕੋਪਰੀ ਥਾਣੇ ’ਚ ਦਰਜ ਐੱਫਆਈਆਰ ਅਨੁਸਾਰ ਦਿਘੇ ਅਤੇ ਕੁਝ ਹੋਰਾਂ ਨੂੰ ਰਾਤ ਕਰੀਬ 2 ਵਜੇ ਅਸ਼ਟਵਿਨਾਇਕ ਚੌਕ ਤੋਂ ਨਕਦੀ ਦੇ ਲਿਫਾਫਿਆਂ ਅਤੇ ਸ਼ਰਾਬ ਸਣੇ ਫੜਿਆ ਗਿਆ। ਸ਼ਿਵ ਸੈਨਾ (ਯੂਬੀਟੀ) ਆਗੂ ਨੇ ਇਹ ਸਾਰੇ ਦੋਸ਼ ਨਕਾਰ ਦਿੱਤੇ ਹਨ। ਉਨ੍ਹਾਂ ਐਕਸ ’ਤੇ ਕਿਹਾ ਕਿ ਇਹ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। -ਪੀਟੀਆਈ