ਮੁੰਬਈ, 13 ਫਰਵਰੀ
ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ (ਸਪਾ) ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ’ਤੇ ਚੜ੍ਹਤ ਬਣਾਈ ਹੋਈ ਹੈ।
ਉਨ੍ਹਾਂ ਕਿਹਾ ਕਿ ਗੋਆ ‘ਖਿਚੜੀ’ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ, ਪਰ ਗੁਆਂਢੀ ਸੂਬੇ ਵਿੱਚ 2012 ਤੋਂ ਸੱਤਾ ’ਤੇ ਕਾਬਜ਼ ਭਾਜਪਾ ਦੇ ਮੁਕਾਬਲੇ ਕਾਂਗਰਸ ਅੱਗੇ ਚੱਲ ਰਹੀ ਹੈ। ਰਾਊਤ ਨੇ ਕਿਹਾ, ‘‘ਦੇਵੇਂਦਰ ਫੜਨਵੀਸ (ਭਾਜਪਾ ਦੇ ਗੋਆ ਚੋਣ ਇੰਚਾਰਜ) ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਉਹ ਸਭ ਕੁਝ ਕਰ ਰਹੇ ਹਨ, ਜੋ ਉਹ ਕਰ ਸਕਦੇ ਹਨ। ਸਾਡੀਆਂ ਸ਼ੁਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ, ਕਿਉਂਕਿ ਉਹ ਮਹਾਰਾਸ਼ਟਰ ਦੇ ਨੇਤਾ ਹਨ। ਪਰ ਉਹ ਜਾਣਦੇ ਹਨ ਕਿ ਗੋਆ ਦੀ ਮੌਜੂਦਾ ਸੱਤਾ ਭ੍ਰਿਸ਼ਟਾਚਾਰੀਆਂ ਅਤੇ ਮਾਫੀਆ ਦੇ ਕੋਲ ਹੈ।’’
ਉਨ੍ਹਾਂ ਕਿਹਾ ਕਿ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਬੇਟੇ ਉੱਤਪਲ ਪਰੀਕਰ ਨੂੰ ਪਣਜੀ ਦੇ ਲੋਕਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਉਤਪਲ ਨੂੰ ਭਾਜਪਾ ਵੱਲੋਂ ਟਿਕਟ ਤੋਂ ਨਾਂਹ ਕਰ ਦਿੱਤੀ ਗਈ ਸੀ। ਸੰਜੇ ਰਾਊਤ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਦੇ ਮੰਤਰੀ ਆਦਿੱਤਿਆ ਠਾਕਰੇ ਉੱਤਰ ਪ੍ਰਦੇਸ਼ ਵਿੱਚ ਸ਼ਿਵ ਸੈਨਾ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ, ਜਿੱਥੇ ਸੱਤਾਧਾਰੀ ਭਾਜਪਾ ਅਤੇ ਸਮਾਜਵਾਦੀ ਪਾਰਟੀ ਮੁੱਖ ਦਾਅਵੇਦਾਰ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਗਈ ਵਿਵਾਦਿਤ ਟਿੱਪਣੀ ਸਬੰਧੀ ਰਾਊਤ ਨੇ ਕਿਹਾ ਕਿ ਪਾਰਟੀ (ਕਾਂਗਰਸ) ਨੇ ਉਨ੍ਹਾਂ ਲਈ ਬਹੁਤ ਕੁਝ ਕੀਤਾ ਪਰ ਇਸ ਦੇ ਬਾਵਜੂਦ ਸਰਮਾ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸਰਮਾ ਨੇ ਕਿਹਾ ਸੀ ਕਿ ਭਾਜਪਾ ਨੇ ਰਾਹੁਲ ਗਾਂਧੀ ਦੇ ਪਿਤਾ ਬਾਰੇ ਕਦੇ ਵੀ ਸਬੂਤ ਨਹੀਂ ਮੰਗਿਆ, ਜਿਸ ਦੀ ਵੱਡੇ ਪੱਧਰ ’ਤੇ ਨਿਖੇਧੀ ਹੋਈ ਸੀ। ਰਾਊਤ ਨੇ ਕਿਹਾ, ‘‘ਕਾਂਗਰਸ ਨੇ ਸਰਮਾ ਲਈ ਬਹੁਤ ਕੁਝ ਕੀਤਾ ਹੈ। ਭਾਜਪਾ ਨੇ ਸਰਮਾ ਨੂੰ ਚੁਣਿਆ ਕਿਉਂਕਿ ਉਸ ਦਾ ਆਧਾਰ ਹੈ। ਹੁਣ ਉਹ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ, ਜਿਨ੍ਹਾਂ ਨੇ ਉਸ ਨੂੰ ਇਸ ਕਾਬਿਲ ਬਣਾਇਆ।’’ -ਪੀਟੀਆਈ