ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਪੜਾਅ ਦੌਰਾਨ ਭਲਕੇ 7 ਮਾਰਚ ਨੂੰ 54 ਸੀਟਾਂ ’ਤੇ ਵੋਟਾਂ ਪੈਣਗੀਆਂ। ਇਸ ਗੇੜ ਦੌਰਾਨ 613 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਅਧੀਨ ਪੈਂਦੀਆਂ ਅਸੈਂਬਲੀ ਸੀਟਾਂ ਵੀ ਸ਼ਾਮਲ ਹਨ। ਨੌਂ ਜ਼ਿਲ੍ਹਿਆਂ ਆਜ਼ਮਗੜ੍ਹ, ਮਊ, ਜੌਨਪਰ, ਗਾਜ਼ੀਪੁਰ, ਚੰਦੌਲੀ, ਵਾਰਾਨਸੀ, ਮਿਰਜ਼ਾਪੁਰ, ਭਦੋਹੀ ਅਤੇ ਸੋਨਭੱਦਰ ’ਚ ਮਤਦਾਨ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਇਸ ਗੇੜ ’ਚ 2.06 ਕਰੋੜ ਵੋਟਰ ਵੋਟ ਪਾਉਣ ਲਈ ਯੋਗ ਹਨ। ਆਖਰੀ ਗੇੜ ਲਈ ਚੋਣ ਪ੍ਰਚਾਰ ਸ਼ਨਿਚਰਵਾਰ ਨੂੰ ਖ਼ਤਮ ਹੋ ਗਿਆ ਸੀ। ਆਖਰੀ ਗੇੜ ਦੇ ਮਤਦਾਨ ਨਾਲ ਹੀ ਯੂਪੀ ’ਚ ਲੱਗਪਗ ਇੱਕ ਮਹੀਨਾ ਲੰਮਾ ਚੋਣ ਅਮਲ ਵੀ ਸਮਾਪਤ ਹੋ ਜਾਵੇਗਾ, ਜਿਹੜਾ ਜਨਵਰੀ ਮਹੀਨੇ ਚੋਣ ਕਮਿਸ਼ਨ ਵੱਲੋਂ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੇ ਕੀਤੇ ਐਲਾਨ ਮਗਰੋਂ ਹੋਰ 10 ਫਰਵਰੀ ਨੂੰ ਸ਼ੁਰੂ ਹੋਇਆ ਸੀ। -ਪੀਟੀਆਈ
ਮੋਦੀ, ਪ੍ਰਿਯੰਕਾ, ਰਾਹੁਲ ਤੇ ਯੋਗੀ ਸਣੇ ਕਈ ਆਗੂ ਕਾਸ਼ੀ ਵਿਸ਼ਵਨਾਥ ਮੰਦਰ ’ਚ ਨਤਮਸਤਕ
ਵਾਰਾਨਸੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਅਮਲ ਆਖਰੀ ਗੇੜ ’ਚ ਪਹੁੰਚਣ ਦੇ ਨਾਲ ਹੀ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਨੇਤਾ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚ ਰਹੇ ਹਨ। ਲੰਘੇ ਸ਼ੁੱਕਰਵਾਰ ਨੂੰ ਸ਼ਿਵ ਦੇ ਮੰਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਇੱਥੇ ਨਤਮਸਤਕ ਹੋਏ। ਕਾਸ਼ੀ ਵਿਸ਼ਵਨਾਥ ਮੰਦਰ ਦੇਸ਼ ਵਿੱਚ 12 ‘ਜਯੋਤਿਰਲਿੰਗ’ ਮੰਦਰਾਂ ਵਿੱਚੋਂ ਇੱਕ ਹੈ। ਸ੍ਰੀ ਮੋਦੀ ਨੇ ਵਾਰਾਨਸੀ ਵਿੱਚ ਰੋਡ ਸ਼ੋਅ ਕਰਨ ਮਗਰੋਂ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੂਜਾ ਕੀਤੀ। ਸ਼ੁੱਕਰਵਾਰ ਨੂੰ ਹੀ ਰੋਡ ਸ਼ੋਅ ਮਗਰੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ ਰਾਤ ਨੂੰ ਮੰਦਰ ਪਹੁੁੰਚੇ ਸਨ ਜਦਕਿ ਬੁੱਧਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੰਦਰ ਗਏ ਸਨ। ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਅਨੁਰਾਗ ਸਿੰਘ ਠਾਕੁਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਇਲਾਵਾ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਕੁਝ ਦਿਨ ਪਹਿਲਾਂ ਕਾਸ਼ੀ ਵਿਸ਼ਵਨਾਥ ਮੰਦਰ ’ਚ ਨਤਮਸਤਕ ਹੋਏ ਸਨ। -ਪੀਟੀਆਈ