ਨਵੀਂ ਦਿੱਲੀ/ਪੁਨੇ: ਰੇਡੀਓ-ਪੁਲਾੜ ਵਿਗਿਆਨ ’ਚ ਮਹੱਤਵਪੂਰਨ ਯੋਗਦਾਨ ਲਈ ਜਾਣੇ ਜਾਂਦੇ ਪ੍ਰੋ. ਗੋਵਿੰਦ ਸਵਰੂਪ ਦਾ ਰੂਬੀ ਹਾਲ ਕਲੀਨਕ, ਪੁਣੇ ਵਿੱਚ ਸੋਮਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਦੇ ਇੱਕ ਨੇੜਲੇ ਪਰਿਵਾਰਕ ਮਿੱਤਰ ਨੇ ਦੱਸਿਆ ਕਿ ਉਹ 91 ਸਾਲਾਂ ਦੇ ਸਨ ਅਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪ੍ਰੋ. ਸਵਰੂਪ ਆਪਣੇ ਪਿੱਛੇ ਆਪਣੀ ਪਤਨੀ ਬੀਨਾ, ਪੁੱਤਰ ਵਿਪਨ ਅਤੇ ਧੀ ਅੰਜੂ ਛੱਡ ਗਏ ਹਨ। ਉਨ੍ਹਾਂ ਦੇ ਦੋਵੇਂ ਬੱਚੇ ਅਮਰੀਕਾ ’ਚ ਰਹਿ ਰਹੇ ਹਨ। ਪ੍ਰੋ. ਸਵਰੂਪ ਨੂੰ ਸਾਲ 1973 ਵਿੱਚ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕਈ ਕੌਮੀ ਅਤੇ ਕੌਮਾਂਤਰੀ ਸਨਮਾਨ ਤੇ ਐਵਾਰਡ ਹਾਸਲ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਸਾਲ 1972 ਵਿੱਚ ‘ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। -ਆਈਏਐੱਨਐੱਸ