ਮੁੰਬਈ: ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿੱਚ ਇੱਕ ਰੈਲੀ ’ਚ ਪਹੁੰਚੀ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਪੁਲੀਸ ਨੇ ਬੀਤੀ ਰਾਤ ਪਿੰਡ ਖੱਲਰ ’ਚ ਵਾਪਰੀ ਇਸ ਘਟਨਾ ਸਬੰਧੀ 45 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਉਨ੍ਹਾਂ ’ਚੋਂ ਤਿੰਨ ਨੂੰ ਹਿਰਾਸਤ ’ਚ ਲਿਆ ਹੈ। ਅਮਰਾਵਤੀ (ਦਿਹਾਤੀ) ਦੇ ਪੁਲੀਸ ਸੁਪਰਡੈਂਟ ਵਿਸ਼ਾਲ ਆਨੰਦ ਨੇ ਕਿਹਾ, ‘ਰਾਣਾ ਰਾਤ 10 ਵਜੇ ਦੇ ਕਰੀਬ ਆਪਣੇ ਸਮਰਥਕਾਂ ਨਾਲ ਇੱਕ ਰੈਲੀ ’ਚ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਜਦੋਂ ਭੀੜ ’ਚ ਕੁਝ ਵਿਅਕਤੀਆਂ ਨੇ ਇਤਰਾਜ਼ਯੋਗ ਸ਼ਬਦ ਵਰਤੇ ਤਾਂ ਰਾਣਾ ਦੇ ਸਮਰਥਕਾਂ ਅਤੇ ਉਨ੍ਹਾਂ ਵਿਚਾਲੇ ਝੜਪ ਹੋ ਗਈ।’ -ਪੀਟੀਆਈ