ਕੋਜ਼ੀਕੋੜ, 12 ਅਪਰੈਲ
ਇਥੋਂ ਨੇੜੇ ਪੈਂਦੇ ਬਾਲੂਸੇਰੀ ’ਚ ਹੁਕਮਰਾਨ ਸੀਪੀਐੱਮ ਦੇ ਦਫ਼ਤਰ ’ਤੇ ਆਈਯੂਐੱਮਐੱਲ ਦੀ ਅਗਵਾਈ ਹੇਠਲੇ ਯੂਡੀਐੱਫ ਵਰਕਰਾਂ ਵੱਲੋਂ ਐਤਵਾਰ ਅੱਧੀ ਰਾਤ ਤੋਂ ਬਾਅਦ ਹਮਲਾ ਕੀਤਾ ਗਿਆ। ਪੁਲੀਸ ਨੇ ਕਿਹਾ ਕਿ ਕਾਂਗਰਸ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮੈਂਬਰਾਂ ਸਮੇਤ ਕੁਝ ਲੋਕਾਂ ਨੇ ਦਫ਼ਤਰ ’ਚ ਅੱਗ ਲਗਾ ਦਿੱਤੀ।
ਕੋਜ਼ੀਕੋੜ ਦਿਹਾਤ ਦੇ ਐੱਸਪੀ ਏ ਸ੍ਰੀਨਿਵਾਸ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਘਟਨਾ ’ਚ ਕੁਝ ਫਰਨੀਚਰ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਵੱਲੋਂ ਪੈਟਰੋਲ ਬੰਬ ਦੀ ਵਰਤੋਂ ਕਰਨ ਬਾਰੇ ਕੁਝ ਖ਼ਬਰਾਂ ਸਨ ਪਰ ਇਸ ਦੀ ਤਸਦੀਕ ਨਹੀਂ ਹੋਈ।
ਸੂਤਰਾਂ ਨੇ ਕਿਹਾ ਕਿ ਸਥਾਨਕ ਲੋਕਾਂ ਅਤੇ ਪੁਲੀਸ ਨੇ ਅੱਗ ’ਤੇ ਤੁਰੰਤ ਕਾਬੂ ਪਾ ਲਿਆ ਜਿਸ ਕਾਰਨ ਦਫ਼ਤਰ ਨੂੰ ਬਹੁਤਾ ਨੁਕਸਾਨ ਨਹੀਂ ਹੋਇਆ।
ਕੰਨੂਰ ਜ਼ਿਲ੍ਹੇ ਅਤੇ ਕੋਜ਼ੀਕੋੜ ਦੇ ਕੁਝ ਇਲਾਕਿਆਂ ’ਚ ਚੋਣਾਂ ਵਾਲੇ ਦਿਨ ਤੋਂ ਹੀ ਹਿੰਸਾ ਹੋ ਰਹੀ ਹੈ। ਬੀਤੇ ਦਿਨੀਂ ਬਾਲੂਸੇਰੀ ’ਚ ਯੂਡੀਐੱਫ ਅਤੇ ਐੱਲਡੀਐੱਫ ਦੇ ਵਰਕਰਾਂ ਵਿਚਕਾਰ ਹਿੰਸਾ ਹੋਈ ਸੀ ਜਿਸ ਕਾਰਨ ਦੋਵੇਂ ਧਿਰਾਂ ਦੇ 26 ਵਿਅਕਤੀ ਜ਼ਖ਼ਮੀ ਹੋਏ ਸਨ। -ਪੀਟੀਆਈ