ਇੰਦੌਰ, 27 ਨਵੰਬਰ
ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਬੱਚਿਆਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ ਜਮਾਤੀਆਂ ਨੇ ਚੌਥੀ ਕਲਾਸ ਦੇ ਇਕ ਬੱਚੇ ’ਤੇ ਜਿਓਮੈਟਰੀ ਕੰਪਾਸ ਨਾਲ 108 ਵਾਰ ਕੀਤੇ। ਇਸ ਕਾਰਨ ਬੱਚੇ ਦੇ ਸਰੀਰ ’ਤੇ ਗਹਿਰੇ ਜ਼ਖ਼ਮ ਹੋ ਗਏ। ਦਸ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚਕਾਰ ਲੜਾਈ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਅਧਿਕਾਰੀ ਇਹ ਪਤਾ ਲਗਾ ਰਹੇ ਹਨ ਕਿ ਕੀ ਇਹ ਬੇਕਾਬੂ ਵਿਦਿਆਰਥੀ ਵੀਡੀਓ ਗੇਮਾਂ ਦੇ ਹਿੰਸਕ ਦ੍ਰਿਸ਼ਾਂ ਤੋਂ ਪ੍ਰਭਾਵਿਤ ਸਨ ਜਾਂ ਨਹੀਂ। ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸਥਾਨਕ ਬਾਲ ਭਲਾਈ ਕਮੇਟੀ (ਸੀਡਬਲਊਸੀ) ਨੇ ਪੁਲੀਸ ਤੋਂ ਰਿਪੋਰਟ ਮੰਗੀ ਹੈ। ਇਸ ਸਬੰਧੀ ਸੀਡਬਲਊਸੀ ਦੀ ਚੇਅਰਪਰਸਨ ਪੱਲਵੀ ਪੁਰਵਾਲ ਨੇ ਕਿਹਾ ਕਿ ਬੱਚੇ ’ਤੇ 108 ਵਾਰ ਹਮਲਾ ਕੀਤਾ ਗਿਆ ਸੀ। ਪੀੜਤ ਦੇ ਪਿਤਾ ਨੇ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕ ਉਸ ਨੂੰ ਸੀਸੀਟੀਵੀ ਫੁਟੇਜ ਨਹੀਂ ਦੇ ਰਹੇ। ਇਸ ਸਬੰਧੀ ਐਰੋਡਰੋਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਹਾਇਕ ਪੁਲੀਸ ਕਮਿਸ਼ਨਰ ਵਿਵੇਕ ਸਿੰਘ ਚੌਹਾਨ ਨੇ ਦੱਸਿਆ ਕਿ ਪੀੜਤ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਕਾਨੂੰਨੀ ਅਨੁਸਾਰ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। -ਪੀਟੀਆਈ