ਕੁਪਵਾੜਾ, 30 ਮਈ
ਕੁਪਵਾੜਾ ਪੁਲੀਸ ਥਾਣੇ ’ਤੇ ਹਿੰਸਕ ਹਮਲੇ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਫੌਜ ਦੇ ਤਿੰਨ ਲੈਫਟੀਨੈਂਟ ਕਰਨਲਾਂ ਅਤੇ 13 ਹੋਰਨਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਤੇ ਡਕੈਤੀ ਸਣੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਖੁਲਾਸਾ ਘਟਨਾ ਸਬੰਧੀ ਦਰਜ ਐੈੱਫਆਈਆਰ ਤੋਂ ਹੋਇਆ ਹੈ। ਹਮਲੇ ਦੀ ਇਹ ਘਟਨਾ ਜੰਮੂ ਅਤੇ ਕਸ਼ਮੀਰ ਪੁਲੀਸ ਵੱਲੋਂ ਨਸ਼ਿਆਂ ਸਬੰਧੀ ਇੱਕ ਕੇਸ ਤਹਿਤ ਟੈਰੀਟੋਰੀਅਲ ਆਰਮੀ ਦੇ ਇੱਕ ਜਵਾਨ ਤੋਂ ਪੁੱਛ-ਪੜਤਾਲ ਕਰਨ ਦੇ ਰੋਸ ਵਜੋਂ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਐੱਫਆਈਆਰ ਮੁਤਾਬਕ ਲੈਫਟੀਨੈਂਟ ਕਰਨਲਾਂ ਅੰਕਿਤ ਸੂਦ, ਰਾਜੀਵ ਚੌਹਾਨ ਅਤੇ ਨਿਖਿਲ ਦੀ ਅਗਵਾਈ ਹੇਠ ਹਥਿਆਰਬੰਦ ਟੀਮ ਥਾਣੇ ’ਚ ਦਾਖਲ ਹੋਈ ਅਤੇ ਪੁਲੀਸ ਮੁਲਾਜ਼ਮਾਂ ਦੀ ਬੰਦੂਕ ਦੇ ਬੱਟਾਂ, ਸੋਟਿਆਂ ਤੇ ਠੁੱਡਿਆਂ ਨਾਲ ਕੁੱਟਮਾਰ ਕੀਤੀ। ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਫੌਜ ਦੇ ਜਵਾਨਾਂ ਨੇ ਆਪਣੇ ਹਥਿਆਰ ਲਹਿਰਾਏ, ਜ਼ਖਮੀ ਪੁਲੀਸ ਮੁਲਾਜ਼ਮਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਅਤੇ ਫਰਾਰ ਹੋਣ ਤੋਂ ਪਹਿਲਾਂ ਇੱਕ ਸਿਪਾਹੀ ਨੂੰ ਅਗਵਾ ਕਰ ਲਿਆ। -ਪੀਟੀਆਈ