ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਕਥਿਤ ਹਮਲੇ ਬਾਰੇ ਸੂਬਾ ਸਰਕਾਰ ਵੱਲੋਂ ਸੌਂਪੀ ਰਿਪੋਰਟ ਨੂੰ ਚੋਣ ਕਮਿਸ਼ਨ ਨੇ ‘ਅਧੂਰੀ’ ਦੱਸਿਆ ਹੈ। ਚੋਣ ਕਮਿਸ਼ਨ ਨੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਘਟਨਾਕ੍ਰਮ ਬਾਰੇ ਵਿਸਤਾਰ ਵਿਚ ਦੱਸਣ ਲਈ ਕਿਹਾ ਹੈ। ਇਕ ਚੋਣ ਅਧਿਕਾਰੀ ਨੇ ਦੱਸਿਆ ਕਿ ਮੁੱਖ ਸਕੱਤਰ ਤੋਂ ਹੋਰ ਜਾਣਕਾਰੀ ਮੰਗੀ ਗਈ ਹੈ ਜਿਵੇਂ ਕਿ ਘਟਨਾ ਕਿਵੇਂ ਵਾਪਰੀ ਤੇ ਕੌਣ ਇਸ ਦੇ ਪਿੱਛੇ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਸ ਵਿਚ ਘਟਨਾ ਸਥਾਨ ’ਤੇ ਵੱਡੀ ਭੀੜ ਵੱਲ ਇਸ਼ਾਰਾ ਕੀਤਾ ਗਿਆ ਹੈ ਪਰ ‘ਚਾਰ-ਪੰਜ ਵਿਅਕਤੀਆਂ’ ਦਾ ਕੋਈ ਜ਼ਿਕਰ ਨਹੀਂ ਹੈ। ਬੈਨਰਜੀ ਨੇ ਚਾਰ-ਪੰਜ ਜਣਿਆਂ ਉਤੇ ਧੱਕਾ ਮਾਰਨ ਦਾ ਦੋਸ਼ ਲਾਇਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨੰਦੀਗ੍ਰਾਮ ਵਿਚ ਹੋਏ ਕਥਿਤ ਹਮਲੇ ਦੀ ਕੋਈ ਵੀ ਸਪੱਸ਼ਟ ਵੀਡੀਓ ਫੁਟੇਜ ਮੌਜੂਦ ਨਹੀਂ ਹੈ। ਘਟਨਾ ਤੋਂ ਬਾਅਦ ਚੋਣ ਕਮਿਸ਼ਨ ਨੇ ਰਿਪੋਰਟ ਮੰਗੀ ਸੀ। ਕਮਿਸ਼ਨ ਨੇ ਸੂਬੇ ਵਿਚ ਦੋ ਚੋਣ ਨਿਗਰਾਨ ਵੀ ਲਾਏ ਹਨ। ਸੂਤਰਾਂ ਮੁਤਾਬਕ ਹਮਲੇ ਬਾਰੇ ਸੂਬਾ ਸਰਕਾਰ ਤੇ ਵਿਸ਼ੇਸ਼ ਨਿਗਰਾਨਾਂ ਵੱਲੋਂ ਦਿੱਤੀ ਗਈ ਰਿਪੋਰਟ ’ਤੇ ਕੋਈ ਵੀ ਫ਼ੈਸਲਾ ਚੋਣ ਕਮਿਸ਼ਨ ਭਲਕੇ ਲੈ ਸਕਦਾ ਹੈ। -ਪੀਟੀਆਈ