ਪੁਣੇ/ਮੁੰਬਈ, 3 ਅਗਸਤ
ਸ਼ਿਵ ਸੈਨਾ ਦੇ ਬਾਗੀ ਵਿਧਾਇਕ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਉਦੈ ਸਾਮੰਤ ਦੀ ਕਾਰ ’ਤੇ ਮੰਗਲਵਾਰ ਰਾਤ ਹੋਏ ਕਥਿਤ ਹਮਲੇ ਦੇ ਮਾਮਲੇ ’ਚ ਪੁਲੀਸ ਨੇ ਪਾਰਟੀ ਦੀ ਪੁਣੇ ਇਕਾਈ ਦੇ ਪ੍ਰਧਾਨ ਅਤੇ ਹਿੰਗੋਲੀ ਦੇ ਇੱਕ ਆਗੂ ਸਮੇਤ ਕੁੱਲ ਛੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੰਜ ਮੁਲਜ਼ਮਾਂ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂਕਿ ਹਿੰਗੋਲੀ ਦੇ ਸ਼ਿਵ ਸੈਨਾ ਆਗੂ ਬੱਬਨ ਥੋਰਾਟ ਨੂੰ ਮੁੰਬਈ ਤੋਂ ਹਿਰਾਸਤ ਵਿੱਲ ਲੈ ਕੇ ਪੁਣੇ ਲਿਆਂਦਾ ਗਿਆ ਅਤੇ ਇੱਥੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ’ਤੇ ਸ਼ਿਵ ਸੈਨਾ ਵਰਕਰਾਂ ਨੂੰ ਸਾਮੰਤ ਦੀ ਕਾਰ ’ਤੇ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ ਹੈ। ਇਨ੍ਹਾਂ ਸਾਰਿਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਛੇ ਅਗਸਤ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। -ਪੀਟੀਆਈ