ਕੋਲਕਾਤਾ, 6 ਮਈ
ਮੁੱਖ ਅੰਸ਼
- ਮੰਤਰੀ ਨੇ ਟੀਐੱਮਸੀ ਦੇ ਵਰਕਰਾਂ ’ਤੇ ਲਾਇਆ ਹਮਲਾ ਕਰਨ ਦਾ ਦੋਸ਼
- ਬੰਗਾਲ ਚੋਣ ਹਿੰਸਾ ਦੀ ਜਾਂਚ ਲਈ ਕੇਂਦਰੀ ਟੀਮ ਕੋਲਕਾਤਾ ਪੁੱਜੀ
ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਦੀ ਕਾਰ ’ਤੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਪੰਚਕੁਰੀ ਪਿੰਡ ’ਚ ਅੱਜ ਹਮਲਾ ਕੀਤਾ ਗਿਆ ਹੈ। ਉਹ ਭਗਵਾਂ ਪਾਰਟੀ ਦੇ ਕਾਰਕੁਨਾਂ ਖ਼ਿਲਾਫ਼ ਚੋਣਾਂ ਤੋਂ ਬਾਅਦ ਕਥਿਤ ਤੌਰ ’ਤੇ ਹਿੰਸਾ ਦੇ ਸਿਲਸਿਲੇ ’ਚ ਇਲਾਕੇ ਦਾ ਦੌਰਾ ਕਰ ਰਹੇ ਸਨ। ਇਸੇ ਦੌਰਾਨ ਸੂਬੇ ’ਚ ਚੋਣਾਂ ਦੌਰਾਨ ਹਿੰਸਾ ਦੀ ਜਾਂਚ ਲਈ ਅੱਜ ਚਾਰ ਮੈਂਬਰੀ ਕੇਂਦਰੀ ਟੀਮ ਕੋਲਕਾਤਾ ਪਹੁੰਚ ਗਈ ਹੈ। ਉੱਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਹਿੰਸਕ ਘਟਨਾਵਾਂ ਲਈ ਰਾਜਪਾਲ ਜਗਦੀਪ ਧਨਖੜ ਤੋਂ ਰਿਪੋਰਟ ਮੰਗੀ ਹੈ। ਪੱਛਮੀ ਮਿਦਨਾਪੁਰ ’ਚ ਹਮਲੇ ਦੀ ਘਟਨਾ ਤੋਂ ਬਾਅਦ ਭਾਜਪਾ ਆਗੂ ਮੁਰਲੀਧਰਨ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕਾਫਲੇ ’ਤੇ ਹਮਲੇ ’ਚ ਕਥਿਤ ਤੌਰ ’ਤੇ ਟੀਐੱਮਸੀ ਵਰਕਰਾਂ ਦਾ ਹੱਥ ਹੈ। ਮੁਰਲੀਧਰਨ ਨੇ ਕਿਹਾ, ‘ਮੈਂ ਪੱਛਮੀ ਮਿਦਨਾਪੁਰ ’ਚ ਪਾਰਟੀ ਦੇ ਉਨ੍ਹਾਂ ਕਾਰਕੁਨਾਂ ਨੂੰ ਮਿਲਣ ਗਿਆ ਸੀ ਜਿਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ ਅਤੇ ਜਿਨ੍ਹਾਂ ਦੇ ਘਰਾਂ ’ਚ ਭੰਨਤੋੜ ਕੀਤੀ ਗਈ ਹੈ। ਮੈਂ ਆਪਣੇ ਕਾਫਲੇ ਨਾਲ ਇੱਕ ਘਰ ਤੋਂ ਦੂਜੇ ਘਰ ਜਾ ਰਿਹਾ ਸੀ ਅਤੇ ਲੋਕਾਂ ਦਾ ਇੱਕ ਗਰੁੱਪ ਅਚਾਨਕ ਸਾਡੇ ਵੱਲ ਵਧਣ ਲੱਗਾ ਤੇ ਹਮਲਾ ਕਰ ਦਿੱਤਾ।’ ਮੰਤਰੀ ਨਾਲ ਮੌਜੂਦ ਭਾਜਪਾ ਦੇ ਕੌਮੀ ਸਕੱਤਰ ਰਾਹੁਲ ਸਿਨਹਾ ਨੇ ਦਾਅਵਾ ਕੀਤਾ ਕਿ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਬਾਵਜੂਦ ਹਮਲਾ ਹੋਇਆ ਹੈ। ਪੁਲੀਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।
ਇਸੇ ਦੌਰਾਨ ਸੂਬੇ ’ਚ ਚੋਣਾਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਦੀ ਜਾਂਚ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਾਰ ਮੈਂਬਰੀ ਜਾਂਚ ਟੀਮ ਅੱਜ ਇੱਥੇ ਪਹੁੰਚ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮੰਤਰਾਲੇ ਦੇ ਵਧੀਕ ਸਕੱਤਰ ਦੀ ਅਗਵਾਈ ਹੇਠ ਟੀਮ ਨੇ ਰਾਜ ਸਕੱਤਰੇਤ ਦਾ ਦੌਰਾ ਕੀਤਾ ਅਤੇ ਗ੍ਰਹਿ ਸਕੱਤਰ ਤੇ ਡੀਜੀਪੀ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਦੱਸਿਆ ਕਿ ਟੀਮ ਜ਼ਮੀਨੀ ਹਾਲਾਤ ਦਾ ਮੁਆਇਨਾ ਕਰੇਗੀ ਅਤੇ ਸ਼ਹਿਰ ਦੇ ਕਈ ਇਲਾਕਿਆਂ ਦੇ ਨਾਲ ਨਾਲ ਦੱਖਣੀ 24 ਪਰਗਨਾ, ਗਦਖਾਲੀ, ਸੁੰਦਰਬਨ ਅਤੇ ਜਗਦਲ ਦਾ ਦੌਰਾ ਕਰ ਸਕਦੀ ਹੈ। ਟੀਮ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਵੀ ਰਾਜ ’ਚ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਇੱਕ ਰਿਪੋਰਟ ਦੇਣ ਲਈ ਕਿਹਾ ਹੈ। ਇਸੇ ਵਿਚਾਲੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਫਰਹਾਦ ਹਕੀਮ ਨੇ ਕੋਵਿਡ-19 ਦਾ ਟੀਕਾ ਭੇਜਣ ਦੀ ਥਾਂ ਜਾਂਚ ਟੀਮ ਭੇਜਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ, ‘ਉਨ੍ਹਾਂ ਨੂੰ ਪਹਿਲਾਂ ਟੀਕਾ ਭੇਜਣਾ ਚਾਹੀਦਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਮੇਵਾਰੀ ਹੈ। ਸਾਨੂੰ ਦੁੱਖ ਹੈ ਕਿ ਕੁਝ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’ ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੱਛਮੀ ਬੰਗਾਲ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਖਾਸ ਕਰ ਰੇ ਚੋਣ ਨਤੀਜਿਆਂ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਸਬੰਧੀ ਰਾਜਪਾਲ ਜਗਦੀਪ ਧਨਖੜ ਤੋਂ ਰਿਪੋਰਟ ਮੰਗੀ ਹੈ। ਰਾਜਪਾਲ ਨੂੰ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਜਲਦੀ ਹੀ ਮੰਤਰਾਲੇ ਨੂੰ ਰਿਪੋਰਟ ਸੌਂਪਣ ਨੂੰ ਕਿਹਾ ਗਿਆ ਹੈ। -ਪੀਟੀਆਈ
ਹੁਣ ਤੱਕ 16 ਮੌਤਾਂ ਹੋਈਆਂ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੂਬੇ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ’ਚ 16 ਜਾਨਾਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਹਰ ਮ੍ਰਿਤਕ ਦੇ ਪਰਿਵਾਰ ਲਈ 2-2 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਬੈਨਰਜੀ ਨੇ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਮਹੀਨੇ ਕੂਚਬਿਹਾਰ ਦੇ ਸੀਤਲਕੂਚੀ ਇਲਾਕੇ ’ਚ ਸੀਏਪੀਐੱਫ ਦੀ ਗੋਲੀਬਾਰੀ ’ਚ ਮਾਰੇ ਗਏ ਸਾਰੇ ਪੰਜ ਵਿਅਕਤੀਆਂ ਦੇ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ ਦੇਵੇਗੀ। ਉਨ੍ਹਾਂ ਸੀਆਈਟੀ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ, ‘ਚੋਣਾਂ ਤੋਂ ਹੋਈਆਂ ਹਿੰਸਕ ਘਟਨਾਵਾਂ ’ਚ ਘੱਟ ਤੋਂ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚ ਜ਼ਿਆਦਾਤਰ ਭਾਜਪਾ ਤੇ ਟੀਐੱਮਸੀ ਦੇ ਕਾਰਕੁਨ ਤੇ ਸੰਯੁਕਤ ਮੋਰਚਾ ਦਾ ਇੱਕ ਕਾਰਕੁਨ ਸ਼ਾਮਲ ਹੈ।’ ਉਨ੍ਹਾਂ ਕੇਂਦਰੀ ਆਗੂਆਂ ’ਤੇ ਸੂਬੇ ’ਚ ਹਿੰਸਾ ਭੜਕਾਉਣ ਦਾ ਦੋਸ਼ ਲਾਉਂਦਿਆਂ ਕਿਹਾ, ‘ਮੈਨੂੰ ਮੁੱਖ ਮੰਤਰੀ ਵਜੋਂ ਹਲਫ਼ ਲਿਆਂ 24 ਘੰਟੇ ਵੀ ਨਹੀਂ ਬੀਤੇ ਅਤੇ ਪੱਤਰ ਮਿਲਣ ਲੱਗੇ ਹਨ। ਇੱਕ ਕੇਂਦਰੀ ਟੀਮ ਪਹੁੰਚੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਭਾਜਪਾ ਨੇ ਹੁਣ ਤੱਕ ਆਮ ਲੋਕਾਂ ਦਾ ਲੋਕ ਫਤਵਾ ਸਵੀਕਾਰ ਨਹੀਂ ਕੀਤਾ ਹੈ। -ਪੀਟੀਆਈ
ਮਮਤਾ ਨੇ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਨੂੰ ਚੋਣ ਵਾਅਦਾ ਯਾਦ ਕਰਾਇਆ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਵੱਲੋਂ ਚੋਣ ਪ੍ਰਚਾਰ ਦੌਰਾਨ ‘ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ’ ਕਿਸਾਨਾਂ ਲਈ ਬਕਾਇਆ ਰਕਮ ਜਾਰੀ ਕਰਨ ਸਬੰਧੀ ਉਨ੍ਹਾਂ ਦਾ ਵਾਅਦਾ ਚੇਤੇ ਕਰਵਾਇਆ। ਮਮਤਾ ਬੈਨਰਜੀ ਨੇ ਪੱਤਰ ’ਚ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਸੂਬਾ ਸਰਕਾਰ ਜਾਂ ਕਿਸਾਨਾਂ ਨੂੰ ਰਕਮ ਨਹੀਂ ਮਿਲੀ ਹੈ। ਮੁੱਖ ਮੰਤਰੀ ਨੇ ਲਿਖਿਆ ਹੈ, ‘ਮੈਂ ਹਾਲ ਹੀ ’ਚ ਰਾਜ ’ਚ ਤੁਹਾਡੀਆਂ ਯਾਤਰਾਵਾਂ ਦੌਰਾਨ ਦਿੱਤੇ ਗਏ ਭਰੋਸੇ ਯਾਦ ਦਿਵਾਉਣਾ ਚਾਹਾਂਗੀ ਜਿਨ੍ਹਾਂ ’ਚ ਤੁਸੀਂ ਕਿਹਾ ਸੀ ਕਿ ਹਰ ਕਿਸਾਨ ਨੂੰ 18 ਹਜ਼ਾਰ ਰੁਪਏ ਦੀ ਬਕਾਇਆ ਰਾਸ਼ੀ ਦਿੱਤੀ ਜਾਵੇਗੀ ਪਰ ਅੱਜ ਰਾਜ ਸਰਕਾਰ ਜਾਂ ਕਿਸਾਨਾਂ ਨੂੰ ਇਹ ਰਕਮ ਨਹੀਂ ਮਿਲੀ ਹੈ।’ -ਪੀਟੀਆਈ
ਨੱਡਾ ਵੱਲੋਂ ਹਮਲੇ ਦੀ ਨਿੰਦਾ
ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਦੀ ਕਾਰ ’ਤੇ ਅੱਜ ਹੋਏ ਹਮਲੇ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਨੱਡਾ ਨੇ ਟਵੀਟ ਕੀਤਾ, ‘ਬੰਗਾਲ ’ਚ ਅਮਨ ਤੇ ਕਾਨੂੰਨ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ।’ ਉਨ੍ਹਾਂ ਕਿਹਾ ਕਿ ਜਿੱਥੇ ਭਾਰਤ ਸਰਕਾਰ ਦੇ ਮੰਤਰੀ ’ਤੇ ਹਮਲਾ ਹੋ ਜਾਵੇ ਉੱਥੇ ਆਮ ਲੋਕਾਂ ਦੀ ਹਾਲਤ ਕੀ ਹੋਵੇਗੀ। -ਪੀਟੀਆਈ