ਲਖੀਮਪੁਰ ਖੀਰੀ, 1 ਜੂਨ
ਮੁੱਖ ਅੰਸ਼
- ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਕਿਸਾਨ ਆਗੂ ਦੀ ਗੱਡੀ ’ਤੇ ਚਲਾਈਆਂ ਗੋਲੀਆਂ
- ਹਮਲੇ ’ਚ ਵਾਲ-ਵਾਲ ਬਚੇ ਦਿਲਬਾਗ ਸਿੰਘ
- ਪੁਲੀਸ ਕਰ ਰਹੀ ਹੈ ਮਾਮਲੇ ਦੀ ਜਾਂਚ
ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਜ਼ਿਲ੍ਹਾ ਪ੍ਰਧਾਨ ਅਤੇ ਲਖੀਮਪੁਰ ਖੀਰੀ ਹਿੰਸਾ ਕੇਸ ਦੇ ਗਵਾਹ ਦਿਲਬਾਗ ਸਿੰਘ ’ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ। ਪੁਲੀਸ ਮੁਤਾਬਕ ਦਿਲਬਾਗ ਸਿੰਘ ’ਤੇ ਇਹ ਹਮਲਾ ਮੰਗਲਵਾਰ ਰਾਤ ਉਸ ਸਮੇਂ ਹੋਇਆ ਜਦੋਂ ਉਹ ਆਪਣੀ ਐੱਸਯੂਵੀ ’ਚ ਗੋਲਾ ਕੋਤਵਾਲੀ ਇਲਾਕੇ ’ਚ ਅਲੀਗੰਜ-ਮੂੜਾ ਰੋਡ ਤੋਂ ਘਰ ਪਰਤ ਰਿਹਾ ਸੀ। ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ’ਤੇ ਗੋਲੀਬਾਰੀ ਕੀਤੀ। ਹਮਲੇ ਦੌਰਾਨ ਕਿਸਾਨ ਆਗੂ ਦਾ ਬਚਾਅ ਹੋ ਗਿਆ। ਖ਼ਬਰ ਏਜੰਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਆਗੂ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਦੀ ਗੱਡੀ ਦਾ ਟਾਇਰ ਪੰਕਚਰ ਕਰ ਦਿੱਤਾ ਸੀ ਜਿਸ ਕਾਰਨ ਉਸ ਨੂੰ ਗੱਡੀ ਰੋਕਣੀ ਪਈ। ਦਿਲਬਾਗ ਸਿੰਘ ਮੁਤਾਬਕ,‘‘ਹਮਲਾਵਰਾਂ ਨੇ ਐੱਸਯੂਵੀ ਦੇ ਦਰਵਾਜ਼ੇ ਅਤੇ ਸ਼ੀਸ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਉਹ ਜਦੋਂ ਨਾਕਾਮ ਰਹੇ ਤਾਂ ਉਨ੍ਹਾਂ ਡਰਾਈਵਰ ਵਾਲੇ ਪਾਸੇ ਦੀ ਵਿੰਡੋ ਵੱਲ ਦੋ ਗੋਲੀਆਂ ਦਾਗ਼ੀਆਂ।’’ ਉਨ੍ਹਾਂ ਕਿਹਾ ਕਿ ਉਹ ਇਕੱਲੇ ਸਨ ਅਤੇ ਖੁਦ ਹੀ ਗੱਡੀ ਚਲਾ ਰਹੇ ਸਨ। ‘ਹਮਲਾਵਰਾਂ ਦੇ ਇਰਾਦਿਆਂ ਦਾ ਪਤਾ ਲਗਦਿਆਂ ਸਾਰ ਮੈਂ ਆਪਣੀ ਸੀਟ ਫੋਲਡ ਕਰਕੇ ਹੇਠਾਂ ਵੱਲ ਨੂੰ ਝੁਕ ਗਿਆ ਸੀ। ਗੱਡੀ ਦੇ ਸ਼ੀਸ਼ਿਆਂ ’ਤੇ ਕਾਲੀ ਫਿਲਮ ਲੱਗੀ ਹੋਣ ਕਰਕੇ ਹਮਲਾਵਰਾਂ ਨੂੰ ਮੇਰੀ ਹਾਲਤ ਬਾਰੇ ਕੁਝ ਪਤਾ ਨਾ ਲੱਗ ਸਕਿਆ ਅਤੇ ਉਹ ਮੌਕੇ ਤੋਂ ਮੋਟਰਸਾਈਕਲ ਭਜਾ ਕੇ ਲੈ ਗਏ।’ ਦਿਲਬਾਗ ਸਿੰਘ ਨੇ ਕਿਹਾ ਕਿ ਉਸ ਨੂੰ ਮਿਲਿਆ ਸਰਕਾਰੀ ਗੰਨਮੈਨ ਛੁੱਟੀ ’ਤੇ ਗਿਆ ਸੀ ਕਿਉਂਕਿ ਉਸ ਦਾ ਪੁੱਤਰ ਅਚਾਨਕ ਬਿਮਾਰ ਹੋ ਗਿਆ ਸੀ। ਕਿਸਾਨ ਆਗੂ ਨੇ ਗੋਲਾ ਕੋਤਵਾਲੀ ਪੁਲੀਸ ਕੋਲ ਹਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਹਮਲੇ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਤਰਜਮਾਨ ਰਾਕੇਸ਼ ਟਿਕੈਤ ਨੂੰ ਵੀ ਦਿੱਤੀ ਹੈ। ਉਧਰ ਏਐੱਸਪੀ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਫੋਰੈਂਸਿਕ ਟੀਮਾਂ ਨੂੰ ਮੌਕੇ ’ਤੇ ਗੱਡੀ ਦੀ ਜਾਂਚ ਅਤੇ ਸਬੂਤ ਇਕੱਠੇ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਹਮਲਾਵਰਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਏਐੱਸਪੀ ਮੁਤਾਬਕ ਬੀਕੇਯੂ (ਟਿਕੈਤ) ਦੇ ਜ਼ਿਲ੍ਹਾ ਪ੍ਰਧਾਨ ਨੇ ਕਿਸੇ ਸੀਨੀਅਰ ਪੁਲੀਸ ਅਧਿਕਾਰੀ ਨੂੰ ਜਾਣਕਾਰੀ ਦਿੱਤੇ ਬਿਨਾਂ ਆਪਣੇ ਗੰਨਮੈਨ ਨੂੰ ਛੁੱਟੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੂੰ ਇਸ ਦੀ ਜਾਣਕਾਰੀ ਹੁੰਦੀ ਤਾਂ ਕਿਸੇ ਦੂਜੇ ਸੁਰੱਖਿਆ ਕਰਮੀ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। -ਪੀਟੀਆਈ