ਨਵੀਂ ਦਿੱਲੀ, 24 ਅਗਸਤ
ਕਾਂਗਰਸ ਨੇ ਸਨਅਤਕਾਰ ਗੌਤਮ ਅਡਾਨੀ ਦੀ ਮਾਲਕੀ ਵਾਲੀ ਕੰਪਨੀ ਵੱਲੋਂ ਨਿਊ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨਡੀਟੀਵੀ) ਨੂੰ ਐਕਵਾਇਰ ਕਰਨ ਸਬੰਧੀ ਖ਼ਬਰਾਂ ਦੇ ਮੱਦੇਨਜ਼ਰ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸ ਦੋਸਤ ਦੀ ਮਾਲਕੀ ਵਾਲੀ ਕੰਪਨੀ ਦੀ ਕੋਸ਼ਿਸ਼ ਆਜ਼ਾਦ ਮੀਡੀਆ ਨੂੰ ਕਾਬੂ ਕਰਨ ਤੇ ਉਸ ਨੂੰ ਦਬਾਉਣ ਲਈ ਚੁੱਕਿਆ ਕਦਮ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਦੇ ‘ਖਾਸ ਮਿੱਤਰ’ ਦੀ ਬਹੁਤ ਜ਼ਿਆਦਾ ਕਰਜ਼ਦਾਰ ਕੰਪਨੀ ਵੱਲੋਂ ਮਸ਼ਹੂਰ ਟੀਵੀ ਨਿਊਜ਼ ਨੈੱਟਵਰਕ ਨੂੰ ਗਲਤ ਤਰੀਕੇ ਨਾਲ ਕਬਜ਼ੇ ਵਿੱਚ ਲੈਣ ਦੀ ਖ਼ਬਰ ਆਰਥਿਕ ਅਤੇ ਰਾਜਨੀਤਕ ਸ਼ਕਤੀ ਦੇ ਕੇਂਦਰੀਕਰਨ ਹੈ।’ ਉਨ੍ਹਾਂ ਦੋਸ਼ ਲਗਾਇਆ ਕਿ ਇਹ ਆਜ਼ਾਦ ਮੀਡੀਆ ਨੂੰ ਦਬਾਉਣ ਤੇ ਕਾਬੂ ਕਰਨ ਲਈ ਚੁੱਕਿਆ ਬੇਸ਼ਰਮੀ ਭਰਿਆ ਕਦਮ ਹੈ।