ਪਟਨਾ: ਰਾਸ਼ਟਰੀ ਜਨਤਾ ਦਲ ਦੇ ਜੇਲ੍ਹ ’ਚ ਬੰਦ ਪ੍ਰਧਾਨ ਲਾਲੂ ਪ੍ਰਸਾਦ ਦੀ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ’ਚ ਉਹ ਭਾਜਪਾ ਦੇ ਵਿਧਾਇਕ ਨੂੰ ਸਪੀਕਰ ਦੀ ਚੋਣ ’ਚੋਂ ਗ਼ੈਰ-ਹਾਜ਼ਰ ਰਹਿਣ ਅਤੇ ਆਰਜੇਡੀ ਦੀ ਸਰਕਾਰ ਬਣਨ ’ਤੇ ਉਸ ਨੂੰ ਮੰਤਰੀ ਅਹੁਦੇ ਦਾ ਲਾਲਚ ਦਿੰਦੇ ਸੁਣਾਈ ਦੇ ਰਹੇ ਹਨ। ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਇਹ ਕਲਿੱਪ ਜਾਰੀ ਕੀਤੀ ਹੈ। ਵਿਧਾਇਕ ਲੱਲਨ ਕੁਮਾਰ ਨੇ ਵੀ ਲਾਲੂ ਦਾ ਫੋਨ ਆਉਣ ਦੀ ਪੁਸ਼ਟੀ ਕੀਤੀ ਹੈ। ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਨੇ ਕਿਹਾ ਕਿ ਉਹ ਝਾਰਖੰਡ ਸਰਕਾਰ ਤੋਂ ਇਸ ਮਾਮਲੇ ਨੂੰ ਦੇਖਣ ਲਈ ਕਹਿਣਗੇ ਕਿਉਂਕਿ ਜੇਲ੍ਹ ’ਚ ਬੰਦ ਵਿਅਕਤੀ ਕੋਲ ਮੋਬਾਈਲ ਕਿਥੋਂ ਆਇਆ। ਉਧਰ ਝਾਰਖੰਡ ਦੇ ਜੇਲ੍ਹਾਂ ਬਾਰੇ ਆਈਜੀ ਵੀਰੇਂਦਰ ਭੂਸ਼ਨ ਨੇ ਕਿਹਾ ਕਿ ਲਾਲੂ ਪ੍ਰਸਾਦ ਰਿਮਜ਼ ਡਾਇਰੈਕਟਰ ਦੇ ਬੰਗਲੇ ’ਚ ਹਨ ਅਤੇ ਉਹ ਮਾਮਲੇ ਦੀ ਜਾਂਚ ਕਰਨਗੇ। ਵਿਕਾਸਸ਼ੀਲ ਇਨਸਾਨ ਪਾਰਟੀ ਦੇ ਬਾਨੀ ਮੁਕੇਸ਼ ਸਾਹਨੀ ਨੇ ਕਿਹਾ ਕਿ ਜਿਹੜੇ ਸਰਕਾਰ ਨੂੰ ਡੇਗਣ ਲਈ ਵਿਧਾਇਕਾਂ ਨੂੰ ਫੋਨ ਕਰਦੇ ਹਨ, ਉਨ੍ਹਾਂ ਨੂੰ ਜਮਹੂਰੀ ਨੇਮਾਂ ਬਾਰੇ ਬੋਲਣ ਦਾ ਕੋਈ ਹੱਕ ਨਹੀਂ ਹੈ। ਆਰਜੇਡੀ ਦੇ ਵਿਧਾਇਕ ਮੁਕੇਸ਼ ਰੌਸ਼ਨ ਨੇ ਕਿਹਾ ਕਿ ਮਾਰਚ ’ਚ ਨਿਤੀਸ਼ ਸਰਕਾਰ ਡਿੱਗ ਜਾਵੇਗੀ ਅਤੇ ਤੇਜਸਵੀ ਯਾਦਵ ਮੁੱਖ ਮੰਤਰੀ ਬਣਨਗੇ। -ਪੀਟੀਆਈ