ਨਵੀਂ ਦਿੱਲੀ: ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰੈੱਸ ਕਾਊਂਸਿਲ ਆਫ਼ ਇੰਡੀਆ ਨੇ ਪ੍ਰਿੰਟ ਮੀਡੀਆ ਨੂੰ ਕਿਹਾ ਹੈ ਕਿ ਉਹ ਪੱਤਰਕਾਰੀ ਦੇ ਤੈਅ ਨੇਮਾਂ ਦਾ ਪਾਲਣ ਕਰਦਿਆਂ ਪੇਡ ਨਿਊਜ਼ (ਪੈਸੇ ਲੈ ਕੇ ਖ਼ਬਰਾਂ ਲਗਵਾਉਣ) ਤੋਂ ਗੁਰੇਜ਼ ਕਰਨ। ਕਾਊਂਸਿਲ ਨੇ ਪ੍ਰਿੰਟ ਮੀਡੀਆ ਨੂੰ ਜਨ ਪ੍ਰਤੀਨਿਧ ਐਕਟ, 1951 ਦੀ ਉਲੰਘਣਾ ਕਰਦਿਆਂ ਕੋਈ ਵੀ ਖ਼ਬਰ ਜਾਂ ਹੋਰ ਸਮਗੱਰੀ ਪ੍ਰਕਾਸ਼ਿਤ ਨਾ ਕਰਨ ਲਈ ਵੀ ਕਿਹਾ ਹੈ। ਪ੍ਰੈੱਸ ਕਾਊਂਸਿਲ ਨੇ ਕਿਹਾ,‘‘ਦੇਸ਼ ’ਚ ਚੋਣਾਂ ਸਾਡੀ ਜਮਹੂਰੀਅਤ ਦੀ ਰੀੜ੍ਹ ਦੀ ਹੱਡੀ ਹਨ ਅਤੇ ਲੋਕਾਂ ਤੱਕ ਇਸ ਬਾਰੇ ਸਾਰੀ ਸਹੀ ਜਾਣਕਾਰੀ ਪਹੁੰਚਾਉਣ ਦੀ ਮੀਡੀਆ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ।’’ ਉਨ੍ਹਾਂ ਪ੍ਰਿੰਟ ਮੀਡੀਆ ਨੂੰ ਚੋਣਾਂ ਦੀ ਕਵਰੇਜ ਬਾਰੇ 9 ਨੁਕਾਤੀ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਚੋਣ ਕਮਿਸ਼ਨ, ਰਿਟਰਨਿੰਗ ਅਫ਼ਸਰਾਂ ਅਤੇ ਮੁੱਖ ਚੋਣ ਅਧਿਕਾਰੀ ਵੱਲੋਂ ਸਮੇਂ ਸਮੇਂ ’ਤੇ ਜਾਰੀ ਹੁਕਮਾਂ ਅਤੇ ਨਿਰਦੇਸ਼ਾਂ ਦਾ ਪਾਲਣ ਕਰਨ। ਜਨ ਪ੍ਰਤੀਨਿਧ ਐਕਟ ਦੀ ਧਾਰਾ 126 ਦੀ ਉਲੰਘਣਾ ਤਹਿਤ ਦੋ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। -ਪੀਟੀਆਈ