ਅਯੁੱਧਿਆ: ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੱਦੇਨਜ਼ਰ ਅਯੁੱਧਿਆ ਦੀਆਂ ਗਲੀਆਂ ਤੋਂ ਇਲਾਵਾ ਜਿੱਥੇ ਤੱਕ ਨਜ਼ਰ ਜਾ ਰਹੀ ਹੈ, ਭਗਵਾ ਰੰਗ ਦਿਖਾਈ ਦੇ ਰਿਹਾ ਹੈ ਅਤੇ ਸ਼ਹਿਰ ਦੀਆਂ ਛੋਟੀਆਂ-ਵੱਡੀਆਂ ਇਮਾਰਤਾਂ ’ਤੇ ਝੰਡੇ ਲਹਿਰਾ ਰਹੇ ਹਨ। ਖੂਬਸੂਰਤ ਢੰਗ ਨਾਲ ਸਜਾਏ ਗਏ ਰਾਮ ਪਥ ਤੇ ਧਰਮ ’ਤੇ ਸ਼ਰਧਾਲੂ ਭਗਵੇ ਝੰਡੇ ਲੈ ਕੇ ਆਉਂਦੇ-ਜਾਂਦੇ ਦਿਖਾਈ ਦੇ ਰਹੇ ਹਨ। ਭਗਵਾਨ ਰਾਮ, ਨਵੇਂ ਰਾਮ ਮੰਦਰ ਤੇ ਭਗਵਾਨ ਹਨੂਮਾਨ ਦੀਆਂ ਤਸਵੀਰਾਂ ਵਾਲੇ ਝੰਡਿਆਂ ਦੀ ਵਿਕਰੀ ਵੀ ਵੱਡੀ ਪੱਧਰ ’ਤੇ ਹੋ ਰਹੀ ਹੈ। ਰਾਮ ਪਥ, ਲਤਾ ਮੰਗੇਸ਼ਕਰ ਚੌਕ ਨੇੜਲੀਆਂ ਤਕਰੀਬਨ ਸਾਰੀਆਂ ਇਮਾਰਤਾਂ ਤੇ ਦੁਕਾਨਾਂ ’ਤੇ ਵੱਖ ਵੱਖ ਆਕਾਰ ਦੇ ਝੰਡੇ ਲਹਿਰਾ ਰਹੇ ਹਨ। ਇੱਥੋਂ ਤੱਕ ਘਰਾਂ, ਧਰਮਸ਼ਾਲਾਵਾਂ, ਮੱਠਾਂ, ਦੁਕਾਨਾਂ ਤੇ ਹੋਟਲਾਂ ਦੀਆਂ ਛੱਤਾਂ ਤੋਂ ਇਲਾਵਾ ਇਨ੍ਹਾਂ ਨਾਲ ਲਗਦੀਆਂ ਗਲੀਆਂ ’ਚ ਵੀ ਭਗਵੇਂ ਝੰਡੇ ਲਾਏ ਗਏ ਹਨ। ਮੰਦਰ ’ਤੇ ਵੀ ਉੱਪਰ ਤੱਕ ਭਗਵਾਨ ਰਾਮ ਤੇ ਅਯੁੱਧਿਆ ਮੰਦਰ ਦੀਆਂ ਤਸਵੀਰਾਂ ਵਾਲੇ ਝੰਡੇ ਵੱਡੀ ਗਿਣਤੀ ’ਚ ਲਗਾ ਦਿੱਤੇ ਗਏ ਹਨ। -ਪੀਟੀਆਈ