ਅਮਰਾਵਤੀ, 23 ਮਈ
ਆਂਧਰਾ ਪ੍ਰਦੇਸ਼ ਸਰਕਾਰ ਨੇ ਅੱਜ ਕਿਹਾ ਕਿ ਇਸ ਨੂੰ ਫ਼ਿਲਹਾਲ ਕਰੋਨਾ ਦੇ ਇਲਾਜ ਲਈ ਆਯੁਰਵੈਦਿਕ ਦਵਾਈ ਵੰਡ ਰਹੇ ਬੀ. ਆਨੰਦਯਾ ਵੱਲੋਂ ਅਜਿਹਾ ਕੀਤੇ ਜਾਣ ’ਤੇ ਕੋਈ ਇਤਰਾਜ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਲੋਕ ਕਰੋਨਾ ਦੇ ਇਲਾਜ ਵਿਚ ਇਸ ਦਵਾਈ ਨੂੰ ਕਾਰਗਰ ਮੰਨ ਰਹੇ ਹਨ। ਦਵਾਈ ਨੂੰ ‘ਕ੍ਰਿਸ਼ਨਾਪਟਨਮ’ ਦਾ ਨਾਂ ਦਿੱਤਾ ਗਿਆ ਹੈ। ਹਾਲਾਂਕਿ ਸਰਕਾਰ ਆਖ਼ਰੀ ਫ਼ੈਸਲਾ ਸੂਬੇ ਦੇ ਆਯੂਸ਼ ਵਿਭਾਗ ਵੱਲੋਂ ਦਿੱਤੀ ਰਿਪੋਰਟ ਦੇ ਅਧਾਰ ਉਤੇ ਲਏਗੀ। ਸਰਕਾਰ ਨੇ ਕਿਹਾ ਕਿ ਉਸ ਨੂੰ ਰਵਾਇਤੀ ਇਲਾਜ ਪ੍ਰਣਾਲੀ ’ਤੇ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਇਹ ਕਈ ਵਰ੍ਹਿਆਂ ਤੋਂ ਚੱਲ ਰਹੀ ਹੈ। ਸੂਬੇ ਦੇ ਪ੍ਰਿੰਸੀਪਲ ਸਕੱਤਰ (ਸਿਹਤ) ਅਨਿਲ ਕੁਮਾਰ ਸਿੰਘਲ ਨੇ ਮੀਡੀਆ ਨੂੰ ਦੱਸਿਆ ਕਿ ਹਰ ਦਵਾਈ ਨੂੰ ਮਾਨਤਾ ਦੇਣ ਦੀ ਇਕ ਪ੍ਰਕਿਰਿਆ ਹੁੰਦੀ ਹੈ। ਇਸ ਦਵਾਈ ਨੂੰ ਕਰੋਨਾ ਲਈ ਆਯੁਰਵੈਦਿਕ ਦਵਾਈ ਐਲਾਨੇ ਬਿਨਾਂ ਦੇਣਾ ਜਾਰੀ ਰੱਖਿਆ ਜਾ ਸਕਦਾ ਹੈ। ਇਹ ਲੋਕਾਂ ਦੇ ਵਿਸ਼ਵਾਸ ਉਤੇ ਨਿਰਭਰ ਹੈ। ਜੇਕਰ ਇਸ ਵਿਚ ਕੁਝ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੈ ਤਾਂ ਪਾਬੰਦੀ ਲਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ਦਾ ਕੋਈ ਗਲਤ ਅਸਰ ਸਾਹਮਣੇ ਨਹੀਂ ਆਇਆ। ਤਿਰੂਪਤੀ ਦਾ ਆਯੁਰਵੈਦਿਕ ਕਾਲਜ ਡੇਟਾ ਇਕੱਠਾ ਕਰ ਰਿਹਾ ਹੈ।