ਕੋਲਕਾਤਾ, 10 ਜੁਲਾਈ
ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਬਾਬੁਲ ਸੁਪ੍ਰਿਓ ਨੂੰ ਪਾਰਟੀ ਦਾ ਕੌਮੀ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਸੁਪ੍ਰਿਓ ਨੇ ਟਵੀਟ ਕਰ ਕੇ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਸੁਪਰੀਮੋ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘‘ਏਆਈਟੀਸੀ ਦੇ ਕੌਮੀ ਬੁਲਾਰਿਆਂ ਦੀ ਸ਼ਾਨਦਾਰ ਟੀਮ ਵਿੱਚ ਮੈਨੂੰ ਸ਼ਾਮਲ ਕਰ ਲਈ ਮਾਣਯੋਗ ਮਮਤਾ ਦੀਦੀ ਅਤੇ ਅਭਿਸ਼ੇਕ ਦਾ ਤਹਿ ਦਿਲੋਂ ਧੰਨਵਾਦ। ਸੌਂਪੀ ਗਈ ਜ਼ਿੰਮੇਵਾਰੀ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।’’
ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਸੁਪ੍ਰਿਓ ਦੀ ਕੌਮੀ ਬੁਲਾਰੇ ਵਜੋਂ ਨਿਯੁਕਤੀ ਪਾਰਟੀ ਵੱਲੋਂ ਬੰਗਾਲ ਦੇ ਬਾਹਰ ਆਪਣਾ ਆਧਾਰ ਵਧਾਉਣ ਦੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ, ‘‘ਉਹ ਗਾਇਕ ਅਤੇ ਸਿਆਸਤਦਾਨ ਵਜੋਂ ਦੇਸ਼ ਭਾਰ ਵਿੱਚ ਜਾਣਿਆ-ਪਛਾਣਿਆ ਚਿਹਰਾ ਹੈ। ਇਸ ਕਰਕੇ ਉਹ ਸਾਡੇ ਵਿਚਾਰਾਂ ਅਤੇ ਨੀਤੀਆਂ ਨੂੰ ਕੌਮੀ ਮੰਚ ’ਤੇ ਪੇਸ਼ ਕਰਨ ਲਈ ਸਾਡੀ ਮਦਦ ਕਰ ਸਕਦੇ ਹਨ।’’ ਜ਼ਿਕਰਯੋਗ ਹੈ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਪ੍ਰਿਓ ਨੂੰ ਪਿਛਲੇ ਸਾਲ ਕੇਂਦਰੀ ਮੇਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਟੀਐੱਮਸੀ ਵਿੱਚ ਸ਼ਾਮਲ ਹੋ ਗਏ ਸਨ। -ਪੀਟੀਆਈ