ਕੋਲਕਾਤਾ: ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਬਾਬੁਲ ਸੁਪ੍ਰਿਓ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਰਾਜਨੀਤੀ ਤੋਂ ਸੰਨਿਆਸ ਲੈ ਰਹੇ ਹਨ ਤੇ ਸੰਸਦ ਮੈਂਬਰ ਵਜੋਂ ਵੀ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਸੰਕੇਤ ਕੀਤਾ ਕਿ ਇਹ ਫ਼ੈਸਲਾ ਉਹ ਕੁਝ ਹੱਦ ਤੱਕ ਮੰਤਰੀ ਦਾ ਅਹੁਦਾ ਗੁਆਉਣ ਤੇ ਕੁਝ ਭਾਜਪਾ ਦੀ ਸੂਬਾਈ ਲੀਡਰਸ਼ਿਪ ਨਾਲ ਵਖ਼ਰੇਵਿਆਂ ਕਾਰਨ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਵਿਚ ਸੁਪ੍ਰਿਓ ਮੰਤਰੀ ਪੱਧਰ ਦੇ ਕਈ ਅਹਿਮ ਅਹੁਦਿਆਂ ਉਤੇ ਰਹਿ ਚੁੱਕੇ ਹਨ। ਇਸੇ ਮਹੀਨੇ ਹੋਏ ਕੈਬਨਿਟ ਪੁਨਰਗਠਨ ਵਿਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਬਾਬੁਲ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ‘ਜਾ ਰਿਹਾ ਹਾਂ, ਅਲਵਿਦਾ। ਆਪਣੇ ਮਾਤਾ-ਪਿਤਾ, ਪਤਨੀ, ਮਿੱਤਰਾਂ ਦੀ ਸਲਾਹ ਮਗਰੋਂ ਮੈਂ ਇਹ ਕਹਿ ਰਿਹਾ ਹਾਂ। ਮੈਂ ਕਿਸੇ ਹੋਰ ਪਾਰਟੀ- ਟੀਐਮਸੀ, ਕਾਂਗਰਸ, ਸੀਪੀਐਮ ਵਿਚ ਨਹੀਂ ਜਾ ਰਿਹਾ। ਮੈਂ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹਾਂ ਕਿ ਕਿਸੇ ਨੇ ਵੀ ਮੈਨੂੰ ਨਹੀਂ ਸੱਦਿਆ। ਮੈਂ ਕਿਤੇ ਨਹੀਂ ਜਾ ਰਿਹਾ। ਮੈਂ ਇਕੋ ਟੀਮ ਵਾਲਾ ਖਿਡਾਰੀ ਹਾਂ! ਹਮੇਸ਼ਾ ਮੋਹਨ ਬਾਗਾਨ ਨੂੰ ਸਮਰਥਨ ਦਿੱਤਾ ਹੈ। ਇਕੋ ਪਾਰਟੀ ਨਾਲ ਰਿਹਾ ਹਾਂ- ਭਾਜਪਾ ਪੱਛਮੀ ਬੰਗਾਲ। ਬਸ ਇਹੀ ਹੈ।’ -ਪੀਟੀਆਈ