ਬਦਾਯੂੰ (ਯੂਪੀ), 7 ਜਨਵਰੀ
ਕੌਮੀ ਮਹਿਲਾ ਕਮਿਸ਼ਨ ਦੇ ਵਫ਼ਦ ਨੇ ਬਦਾਯੂੰ ਜ਼ਿਲ੍ਹੇ ’ਚ ਮੰਦਰ ਗਈ ਇੱਕ ਔਰਤ ਨਾਲ ਸਮੂਹਿਕ ਜਬਰ ਜਨਾਹ ਤੋਂ ਬਾਅਦ ਕਤਲ ਮਾਮਲੇ ’ਚ ਪੀੜਤ ਪਰਿਵਾਰ ਨਾਲ ਅੱਜ ਮੁਲਾਕਾਤ ਕੀਤੀ ਅਤੇ ਇਸ ਘਟਨਾ ’ਚ ਉਨ੍ਹਾਂ ਪੁਲੀਸ ਦੀ ਭੂਮਿਕਾ ’ਤੇ ਸਵਾਲ ਚੁੱਕੇ। ਕਮਿਸ਼ਨ ਦੀ ਮੈਂਬਰ ਚੰਦਰਮੁਖੀ ਦੇਵੀ ਦੀ ਅਗਵਾਈ ਹੇਠਲੇ ਵਫ਼ਦ ਨੇ ਪੀੜਤ ਪਰਿਵਾਰ ਨਾਲ ਉਨ੍ਹਾਂ ਦੇ ਪਿੰਡ ਜਾ ਕੇ ਮੁਲਾਕਾਤ ਕੀਤੀ। ਚੰਦਰਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਸਮੂਹਿਕ ਜਬਰ ਜਨਾਹ ਤੇ ਹੱਤਿਆ ਦੀ ਇਸ ਜ਼ਾਲਮਾਨਾ ਘਟਨਾ ’ਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸਰਕਾਰ ਅਜਿਹੇ ਮਾਮਲਿਆਂ ਨੂੰ ਲੈ ਕੇ ਬਹੁਤ ਸਖਤ ਹੈ ਫਿਰ ਵੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਮੈਂ ਪੁਲੀਸ ਦੀ ਭੂਮਿਕਾ ਤੋਂ ਸੰਤੁਸ਼ਟ ਨਹੀਂ ਹਾਂ। ਜੇਕਰ ਸਮਾਂ ਰਹਿੰਦੇ ਕਾਰਵਾਈ ਹੋਈ ਹੁੰਦੀ ਤਾਂ ਸ਼ਾਇਦ ਮਹਿਲਾ ਦੀ ਜਾਨ ਬਚ ਜਾਂਦੀ।’ ਉਨ੍ਹਾਂ ਕਿਹਾ, ‘ਮਹਿਲਾ ਬੇਹੋਸ਼ੀ ਦੀ ਹਾਲਤ ’ਚ ਸੀ। ਉਸ ਨੂੰ ਇਲਾਜ ਮਿਲ ਜਾਂਦਾ ਤਾਂ ਉਹ ਬਚ ਸਕਦੀ ਸੀ। ਘਟਨਾ ਦਾ ਕੇਸ ਦਰਜ ਹੋਣ ’ਚ ਬਹੁਤ ਦੇਰ ਹੋਈ। ਇਸ ਤੋਂ ਇਲਾਵਾ ਪੋਸਟਮਾਰਟਮ ’ਚ ਵੀ ਦੇਰੀ ਹੋਈ ਹੈ।’ -ਪੀਟੀਆਈ