ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੇ ਸ਼ਹਿਰ ’ਚੋਂ ਬਾਹਰ ਗਏ ਹੋਣ ਕਾਰਨ ਦੁਆਰਕਾ ਦੇ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਅੱਜ ਉਸ ਦੇ ਬਿਆਨ ਦਰਜ ਨਹੀਂ ਹੋ ਸਕੇ। ਦਿੱਲੀ ਪੁਲੀਸ ਨੇ ਕਿਹਾ ਕਿ ਬੱਗਾ ਦੇ ਪਰਤਣ ’ਤੇ ਉਸ ਦੇ ਬਿਆਨ ਦਰਜ ਕਰਨ ਲਈ ਅਰਜ਼ੀ ਭੇਜੀ ਜਾਵੇਗੀ।
ਬੱਗਾ ਦੇ ਵਕੀਲ ਅੱਜ ਮੈਟਰੋਪਾਲਿਟਨ ਮੈਜਿਸਟਰੇਟ ਨਿਤਿਕਾ ਕਪੂਰ ਦੇ ਸਾਹਮਣੇ ਪੇਸ਼ ਹੋਏ ਅਤੇ ਕਿਹਾ ਕਿ ਉਹ ਬੱਗਾ ਅਤੇ ਉਸ ਦੇ ਪਿਤਾ ਦੇ ਦੋ ਮੋਬਾਈਲ ਫੋਨ ਜਾਰੀ ਕਰਨ ਲਈ ਅਰਜ਼ੀ ਦੇਣਗੇ, ਜੋ ਸ਼ੁੱਕਰਵਾਰ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਖੋਹ ਲਏ ਸਨ। ਵਕੀਲ ਸੰਕੇਤ ਗੁਪਤਾ ਤੇ ਵਾਈਪੀ ਸਿੰਘ ਨੇ ਅਜਿਹੀਆਂ ਘਟਨਾਵਾਂ ਦੁਬਾਰਾ ਵਾਪਰਨ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਬੱਗਾ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ਵੀ ਕੀਤੀ ਹੈ। ਅਦਾਲਤ ਨੇ ਬੱਗਾ ਦੇ ਵਕੀਲਾਂ ਵੱਲੋਂ ਮੰਗੀਆਂ ਗਈਆਂ ਰਾਹਤਾਂ ’ਤੇ ਢੁਕਵੀਂ ਅਰਜ਼ੀ ਦਾਇਰ ਕਰਨ ਲਈ ਕਿਹਾ ਹੈ। ਐਡਵੋਕੇਟ ਸੰਕੇਤ ਗੁਪਤਾ ਤੇ ਵਾਈਪੀ ਸਿੰਘ ਨੇ ਕਿਹਾ ਕਿ ਉਹ ਅਰਜ਼ੀ ਦਾਖਲ ਕਰਨਗੇ। ਉਨ੍ਹਾਂ ਕਿਹਾ ਕਿ ਮੈਜਿਸਟਰੇਟ ਸਾਹਮਣੇ ਪੀੜਤ ਦਾ ਬਿਆਨ ਦਰਜ ਕਰਨਾ ਜਾਂਚ ਅਧਿਕਾਰੀ (ਆਈਓ) ਦਾ ਅਧਿਕਾਰ ਹੈ। ਜਦੋਂ ਬੱਗਾ ਵਾਪਸ ਆ ਜਾਵੇਗਾ ਤਾਂ ਅਰਜ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਦਰਜ ਐੱਫਆਈਆਰ ਰੱਦ ਕਰਨ ਦੀ ਪਟੀਸ਼ਨ ਹਾਲੇ ਪੈਂਡਿੰਗ ਹੈ, ਜਿਸ ’ਤੇ ਮੰਗਲਵਾਰ ਨੂੰ ਸੁਣਵਾਈ ਹੋਵੇਗੀ।