ਰਾਏਪੁਰ, 13 ਸਤੰਬਰ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਦੇ ਪਿੰਡ ਚੰਦਖੁਰੀ ਵਿਚ ਮਾਤਾ ਕੌਸ਼ਲਿਆ ਮੰਦਰ ਵਿਚ ਮੱਥਾ ਟੇਕਿਆ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਸੰਘ ਮੁਖੀ ਨੂੰ ਜ਼ਰੂਰ ਮੱਥਾ ਟੇਕ ਕੇ ‘ਸ਼ਾਂਤੀ ਮਿਲੀ ਹੋਵੇਗੀ।’ ਛੱਤੀਸਗੜ੍ਹ ਦੀ ਸੱਤਾਧਾਰੀ ਕਾਂਗਰਸ ਸਰਕਾਰ ਨੇ ਭਾਗਵਤ ਨੂੰ ਇੱਥੇ ਨਤਮਸਤਕ ਹੋਣ ਦਾ ਸੱਦਾ ਦਿੱਤਾ ਸੀ। ਇਹ ਮੰਦਰ ਭਗਵਾਨ ਰਾਮ ਦੀ ਮਾਤਾ ਕੌਸ਼ਲਿਆ ਨੂੰ ਸਮਰਪਿਤ ਹੈ। ਹਾਲਾਂਕਿ ਸੰਘ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਭਾਗਵਤ ਦੇ ਦੌਰੇ ਦਾ ਸੱਤਾਧਾਰੀ ਧਿਰ ਦੇ ਸੱਦੇ ਨਾਲ ਕੋਈ ਸਬੰਧ ਨਹੀਂ ਹੈ। ਭਾਗਵਤ ਮਗਰੋਂ ਰਾਏਪੁਰ ਸ਼ਹਿਰ ’ਚ ਸਥਿਤ ਭਗਵਾਨ ਰਾਮ ਦੇ ਮੰਦਰ ਵੀ ਗਏ। ਭਗਵਾਨ ਰਾਮ ਦੀ ਮਾਤਾ ਕੌਸ਼ਲਿਆ ਨੂੰ ਸਮਰਪਿਤ ਇਸ ਮੰਦਰ ਦਾ ਸੁੰਦਰੀਕਰਨ ਕਾਂਗਰਸ ਸਰਕਾਰ ਨੇ ਆਪਣੇ ‘ਰਾਮ ਵਨ ਗਮਨ’ ਸੈਰ-ਸਪਾਟਾ ਸਰਕਟ ਪ੍ਰਾਜੈਕਟ ਤਹਿਤ ਕਰਾਇਆ ਹੈ। ਇਤਿਹਾਸਕਾਰਾਂ ਦਾ ਵਿਸ਼ਵਾਸ ਹੈ ਕਿ ਚੰਦਖੁਰੀ ਮਾਤਾ ਕੌਸ਼ਲਿਆ ਦੀ ਜਨਮ ਭੂਮੀ ਹੈ ਤੇ ਉਨ੍ਹਾਂ ਨੂੰ ਸਮਰਪਿਤ ਵਿਸ਼ਵ ਵਿਚ ਇਹ ਇਕੋ-ਇਕ ਮੰਦਰ ਹੈ। -ਪੀਟੀਆਈ