ਮੁੰਬਈ: ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਨਿੱਜੀ ਤੌਰ ’ਤੇ ਅਤਿਵਾਦੀ ਐਲਾਨਿਆ ਗਿਆ ਹੈ ਅਤੇ ਉਸ ਨੂੰ ਜਾਂ ਉਸ ਦੇ ਗਰੋਹ ਨਾਲ ਕਿਸੇ ਤਰ੍ਹਾਂ ਦਾ ਸਬੰਧ ਇਸ ਸਖ਼ਤ ਕਾਨੂੰਨ ਦੇ ਘੇਰੇ ’ਚ ਨਹੀਂ ਆਵੇਗਾ। ਜਸਟਿਸ ਭਾਰਤੀ ਡਾਂਗਰੇ ਤੇ ਜਸਟਿਸ ਮੰਜੂਸ਼ਾ ਦੇਸ਼ਪਾਂਡੇ ਦੇ ਬੈਂਚ ਨੇ 11 ਜੁਲਾਈ ਦੇ ਹੁਕਮ ’ਚ ਮਹਾਰਾਸ਼ਟਰ ਏਟੀਐਸ(ਅਤਿਵਾਦ ਰੋਕੂ ਦਸਤੇ) ਵੱਲੋਂ ਅਗਸਤ 2022 ’ਚ ਹਿਰਾਸਤ ਵਿੱਚ ਲਏ ਗਏ ਦੋ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਹੁਕਮਾਂ ਦੇ ਵੇਰਵੇ ਬੀਤੇ ਦਿਨ ਪ੍ਰਾਪਤ ਹੋਏ ਸੀ। ਏਟੀਐੱਸ ਨੇ ਦਾਅਵਾ ਕੀਤਾ ਹੈ ਕਿ ਫੈਜ਼ ਭਿਵੰਡੀਵਾਲਾ ਤੇ ਪਰਵੇਜ਼ ਵੈਦ, ਦਾਊਦ ਇਬਰਾਹਿਮ ਗਰੋਹ ਦੇ ਮੈਂਬਰ ਸਨ। ਭਿਵੰਡੀਵਾਲਾ ਤੋਂ 600 ਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਸੀ। ਭਿਵੰਡੀਵਾਲਾ ਤੇ ਵੈਦ ਖ਼ਿਲਾਫ਼ ਯੂਏਪੀਏ ਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਦੋਵਾਂ ਨੂੰ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਰਿਹਾਅ ਕੀਤਾ ਹੈ। -ਪੀਟੀਆਈ