ਨਵੀਂ ਦਿੱਲੀ: ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਡੌਮੀਨਿਕਾ ਵਿੱਚ ਗੈਰਕਾਨੂੰਨੀ ਦਾਖਲੇ ਨਾਲ ਸਬੰਧਤ ਕੇਸ ਵਿੱਚ ਜ਼ਮਾਨਤ ਮਿਲਣ ਮਗਰੋਂ ਵਾਪਸ ਐਂਟੀਗਾ ਤੇ ਬਰਬੂਡਾ ਪੁੱਜ ਗਿਆ ਹੈ। ਚੋਕਸੀ ਭਾਰਤ ਤੋਂ ਫ਼ਰਾਰ ਹੋਣ ਮਗਰੋਂ ਸਾਲ 2018 ਤੋਂ ਇਥੇ ਰਹਿ ਰਿਹਾ ਹੈ। ਡੌਮੀਨਿਕਾ ਹਾਈ ਕੋਰਟ ਨੇ ਮੁਲਕ ਵਿੱਚ ਗੈਰਕਾਨੂੰਨੀ ਦਾਖ਼ਲੇ ਨਾਲ ਸਬੰਧਤ ਕੇਸ ਵਿੱਚ 51 ਦਿਨ ਦੀ ਹਿਰਾਸਤ ਮਗਰੋਂ ਲੰਘੇ ਦਿਨੀਂ ਚੋਕਸੀ ਨੂੰ ਮੈਡੀਕਲ ਆਧਾਰ ’ਤੇ ਜ਼ਮਾਨਤ ਦਿੱਤੀ ਸੀ। ਚੋਕਸੀ ਦੇ ਵਕੀਲ ਦਾ ਹਾਲਾਂਕਿ ਦਾਅਵਾ ਸੀ ਕਿ ਉਸ ਦੇ ਮੁਵੱਕਿਲ ਨੂੰ ਕਥਿਤ ਅਗਵਾ ਕਰਕੇ ਡੌਮੀਨਿਕਾ ਲਿਜਾਇਆ ਗਿਆ ਸੀ। ਐਂਟੀਗਾ ਨਿਊਜ਼ ਦੀ ਰਿਪੋਰਟ ਮੁਤਾਬਕ 10 ਹਜ਼ਾਰ ਈਸਟਰਨ ਕੈਰੇਬੀਅਨ ਡਾਲਰ ਦੀ ਜ਼ਾਮਨੀ ਭਰਨ ਮਗਰੋਂ ਕਮੀਜ਼ ਤੇ ਨਿੱਕਰ ਪਾਈ ਚੋਕਸੀ ਚਾਰਟਰਡ ਜਹਾਜ਼ ਰਾਹੀਂ ਐਂਟੀਗਾ ਵਾਪਸ ਮੁੜ ਗਿਆ। ਚੋਕਸੀ ਨੇ ਜ਼ਮਾਨਤ ਲੈਣ ਲਈ ਸੀਟੀ ਸਕੈਨ ਸਮੇਤ ਆਪਣੀਆਂ ਹੋਰ ਮੈਡੀਕਲ ਰਿਪੋਰਟਾਂ ਨਾਲ ਨੱਥੀ ਕੀਤੀਆਂ ਸਨ। ਚੋਕਸੀ ਭਾਰਤ ਵਿੱਚ ਬੈਂਕਾਂ ਨਾਲ 13,500 ਕਰੋੜ ਰੁਪਏੇ ਦੇ ਗਬਨ ਕੇਸ ਵਿੱਚ ਲੋੜੀਂਦਾ ਹੈ ਤੇ ਉਹ ਤਿੰਨ ਸਾਲ ਪਹਿਲਾਂ ਭਾਰਤ ’ਚੋਂ ਭੇਤ-ਭਰੇ ਢੰਗ ਨਾਲ ਲਾਪਤਾ ਹੋ ਗਿਆ ਸੀ। ਸਾਲ 2018 ਤੋਂ ਉਹ ਐਂਟੀਗਾ ਤੇ ਬਰਬੂਡਾ ਦੀ ਨਾਗਰਿਕਤਾ ਲੈ ਕੇ ਉਥੇ ਰਹਿ ਰਿਹਾ ਹੈ। -ਪੀਟੀਆਈ