ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਦਿੱਲੀ ਦੀ ਗਾਜ਼ੀਪੁਰ ਹੱਦ ’ਤੇ ਕਿਸਾਨ 13 ਅਪਰੈਲ ਨੂੰ ਵਿਸਾਖੀ ਤੇ 14 ਅਪਰੈਲ ਨੂੰ ਬਹੁਜਨ ਕਿਸਾਨ ਏਕਤਾ ਦਿਵਸ ਮਨਾਉਣਗੇ। ਆਗੂਆਂ ਨੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਗਾਜ਼ੀਪੁਰ ਪਹੁੰਚਣ ਲਈ ਸੱਦਾ ਦੇ ਕੇ ਆਪਣੀ ਏਕਤਾ ਦਿਖਾਉਣ ਦੀ ਅਪੀਲ ਕੀਤੀ ਹੈ।
ਕਿਸਾਨ ਮੋਰਚਾ ਗਾਜ਼ੀਪੁਰ ਹੱਦ ’ਤੇ ਮੋਰਚੇ ਦੇ ਬੁਲਾਰੇ ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਇੱਥੇ 13 ਅਪਰੈਲ ਨੂੰ ਵਿਸਾਖੀ ਮੌਕੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਅਤੇ 14 ਅਪਰੈਲ ਨੂੰ ‘ਸੰਵਿਧਾਨ ਬਚਾਓ, ਕਿਸਾਨ ਬਹੁਜਨ ਏਕਤਾ ਦਿਵਸ’ ਵਜੋਂ ਮਨਾਇਆ ਜਾਵੇਗਾ। ਵਿਸਾਖੀ ਮੌਕੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਗਤਕਾ ਟੀਮ ਵਿਸਾਖੀ ਸਬੰਧੀ ਪ੍ਰੋਗਰਾਮ ਪੇਸ਼ ਕਰੇਗੀ ਤੇ ਜੱਲ੍ਹਿਆਂਵਾਲਾ ਬਾਗ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 14 ਅਪਰੈਲ ਨੂੰ ਸਟੇਜ ਬਹੁਜਨ ਸਮਾਜ ਨੂੰ ਸਮਰਪਿਤ ਕੀਤਾ ਜਾਵੇਗੀ, ਜਿੱਥੇ ਵੱਧ ਤੋਂ ਵੱਧ ਬੁਲਾਰੇ ਬਹੁਜਨ ਸਮਾਜ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਵੱਲੋਂ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਸਾਰੇ ਬਹੁਜਨ ਸਮਾਜ, ਸਮਾਜ ਹਿਤੈਸ਼ੀਆਂ ਤੇ ਸੰਵਿਧਾਨ ਦੋਸਤਾਨਾ ਸੰਗਠਨਾਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਮੋਰਚਾ ਲਾਈ ਬੈਠੇ ਕਿਸਾਨਾਂ ਨਾਲ ਮਨਾਉਣ ਲਈ 14 ਅਪਰੈਲ ਨੂੰ ਗਾਜ਼ੀਪੁਰ ਹੱਦ ’ਤੇ ਪਹੁੰਚਣ ਦਾ ਸੱਦਾ ਦਿੱਤਾ ਹੈ।