ਨਵੀਂ ਦਿੱਲੀ, 26 ਫਰਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਹੈ ਕਿ ਬਾਲਾਕੋਟ ਹਵਾਈ ਹਮਲੇ ਦੀ ਸਫ਼ਲਤਾ ਅਤਿਵਾਦ ਖ਼ਿਲਾਫ਼ ਭਾਰਤ ਦੀ ਮਜ਼ਬੂਤ ਇੱਛਾ ਸ਼ਕਤੀ ਦਰਸਾਉਂਦੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਬਾਲਾਕੋਟ ਹਵਾਈ ਹਮਲੇ ਦੀ ਵਰ੍ਹੇਗੰਢ ’ਤੇ ਉਹ ਹਵਾਈ ਸੈਨਾ ਦੇ ਹੌਸਲੇ ਅਤੇ ਬਹਾਦਰੀ ਨੂੰ ਸਲਾਮ ਕਰਦੇ ਹਨ। ‘ਸਾਨੂੰ ਆਪਣੇ ਹਥਿਆਰਬੰਦੀ ਬਲਾਂ ’ਤੇ ਮਾਣ ਹੈ ਜੋ ਮੁਲਕ ਦੀ ਰੱਖਿਆ ਕਰਦੇ ਹਨ।’ ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਲਾਕੋਟ ਹਵਾਈ ਹਮਲੇ ਦੀ ਵਰ੍ਹੇਗੰਢ ’ਤੇ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੁਲਕ ਅਤੇ ਜਵਾਨਾਂ ਦੀ ਸੁਰੱਖਿਆ ਸਰਬਉੱਚ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਸੈਨਾ ਦੇ ਲੜਾਕੂ ਜ਼ਹਾਜ਼ਾਂ ਨੇ 26 ਫਰਵਰੀ, 2019 ਨੂੰ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨ ਦੇ ਬਾਲਾਕੋਟ ’ਚ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ’ਚ 14 ਫਰਵਰੀ ਨੂੰ ਅਤਿਵਾਦੀ ਹਮਲੇ ’ਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋਣ ਮਗਰੋਂ ਇਹ ਹਵਾਈ ਹਮਲੇ ਕੀਤੇ ਗਏ ਸਨ। -ਪੀਟੀਆਈ