ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 11 ਅਪਰੈਲ
ਇੱਥੋਂ ਦੇ ਸੈਕਟਰ-53 ਵਿੱਚ ਸਾਹਿਤਕ ਸਮਾਗਮ ਦੌਰਾਨ ਪੱਤਰਕਾਰ ਅਤੇ ਪੰਜਾਬੀ ਸਾਹਿਤਕਾਰ ਬਲਜੀਤ ਪਰਮਾਰ ਦਾ ਕਾਵਿ ਸੰਗ੍ਰਹਿ ‘ਸੁਰਖ਼ ਸਮੇਂ ਦਾ ਸੂਰਜ’ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿਚ ਬਲਦੇਵ ਸਿੰਘ ਸੜਕਨਾਮਾ, ਡਾ. ਦੀਪਕ ਮਨਮੋਹਨ ਸਿੰਘ, ਪ੍ਰੋ. ਹਰਪਾਲ ਸਿੰਘ, ਬੀਬਾ ਬਲਵੰਤ, ਅਦਾਕਾਰ ਡਾ. ਸੁਰਿੰਦਰ ਸ਼ਰਮਾ, ਏਡੀਜੀਪੀ ਮਨਜੀਤ ਸਿੰਘ ਰਾਏ, ਪ੍ਰਕਾਸ਼ਕ ਸਤੀਸ਼ ਗੁਲਾਟੀ, ਟੀਵੀ ਪੱਤਰਕਾਰ ਰਿਤੇਸ਼ ਲੱਖੀ ਆਦਿ ਨੇ ਸ਼ਿਰਕਤ ਕੀਤੀ।
ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਆਲੋਚਕ ਤੇ ਸਾਹਿਤਕਾਰ ਡਾ. ਮਨਮੋਹਨ ਸਿੰਘ ਨੇ ਪਰਮਾਰ ਦੇ ਪਲੇਠੇ ਕਾਵਿ ਸੰਗ੍ਰਹਿ ਦਾ ਮੁਲਾਂਕਣ ਕਰਦਿਆਂ ਕਿਹਾ ਕਿ ਇਸ ਵਿੱਚੋਂ ਕਿਸਾਨ ਅੰਦੋਲਨ ਜਿਹੇ ਸੰਦਰਭ ਵਿਚ ਤਬਦੀਲੀ ਦੀ ਜੁਸਤਜੂ, ਜੁਝਾਰਵਾਦੀ ਪਰੰਪਰਾ, ਸਮੇਂ ਦੀ ਰੂਹ ਫੜਨ ਦੀ ਲਲਕ, ਮਿਥਿਹਾਸ ਦੇ ਬੋਧ, ਵਾਤਾਵਰਨ ਦੀ ਸੂਝ ਤੇ ਸੁਹਜ ਸਮੇਤ ਭਾਸ਼ਾਈ ਸੁਹੱਪਣ ਦੇ ਝਲਕਾਰੇ ਮਿਲਦੇ ਹਨ, ਜੋ ਪੰਜਾਬੀ ਕਵਿਤਾ ਦੀ ਸੱਥ ਵਿਚ ਸ਼ੁਭ ਸ਼ਗਨ ਹੈ।
ਬਲਜੀਤ ਪਰਮਾਰ ਨੇ ਕਿਹਾ ਕਿ ਪੱਤਰਕਾਰੀ ਅਤੇ ਸਾਹਿਤਕਾਰੀ ਦੇ ਇਸ ਲੰਮੇ ਸਫ਼ਰ ਦੌਰਾਨ ਉਨ੍ਹਾਂ ਅੰਦਰ ਹਮੇਸ਼ਾ ਕੁਝ ਨਵਾਂ ਸਿੱਖਣ, ਜਾਨਣ ਅਤੇ ਅਭਿਆਸਣ ਦੀ ਭੁੱਖ ਰਹੀ ਹੈ। ਉਹ ਕਿਸੇ ਤਜਾਰਤੀ ਕਵਾਇਦ ਜਾਂ ਕਿਸੇ ਕਿਸਮ ਦੇ ਵਾਦ ਦੇ ਬੋਝ ਹੇਠ ਕਵਿਤਾ ਨਹੀਂ ਸਿਰਜਦੇ ਸਗੋਂ ਇਹ ਰਚਨਾਵਾਂ ਉਨ੍ਹਾਂ ਦੇ ਪਿਛਲੇ ਕਰੀਬ ਪੰਜ ਦਹਾਕਿਆਂ ਦੇ ਪੇਸ਼ੇਵਰ ਤੇ ਜਨਤਕ ਜੀਵਨ ਦੇ ਸਫ਼ਰ ਦਾ ਹੀ ਚਿਤਰਨ ਹਨ, ਜੋ ਹੁਣ ਉਹ ਪੰਜਾਬੀ ਪਾਠਕਾਂ ਦੀ ਨਜ਼ਰ ਕਰ ਰਹੇ ਹਨ। ਸਮਾਗਮ ਦਾ ਮੰਚ ਸੰਚਾਲਨ ਡਾ. ਨਿਰਮਲ ਜੌੜਾ ਨੇ ਕੀਤਾ।