ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ’ਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਵਿੱਚ ਉਨ੍ਹਾਂ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਤੇ ਉਸ ਦੀ ਪਤਨੀ ਰੁਜਿਰਾ ਬੈਨਰਜੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਬੈਨਰਜੀ ਜੋੜੇ ਨੇ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੂੰ ਮਨੀ ਲਾਂਡਰਿੰਗ ਕੇਸ ’ਚ ਜਾਰੀ ਕੀਤੇ ਗਏ ਸੰਮਨ ਰੱਦ ਕਰਨ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਆਪਣੇ ਕੋਲਕਾਤਾ ਸਥਿਤ ਦਫਤਰ ’ਚ 24 ਘੰਟੇ ਪਹਿਲਾਂ ਨੋਟਿਸ ਜਾਰੀ ਕਰਕੇ ਬੈਨਰਜੀ ਜੋੜੇ ਤੋਂ ਪੁੱਛ-ਪੜਤਾਲ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਜਾਂ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ ਅਤੇ ਰਾਜ ਸਰਕਾਰ ਈਡੀ ਦੇ ਜਾਂਚ ਅਧਿਕਾਰੀਆਂ ਨੂੰ ਲੋੜੀਂਦੀ ਪੁਲੀਸ ਸੁਰੱਖਿਆ ਮੁਹੱਈਆ ਕਰੇ। ਈਡੀ ਨੇ ਅਦਾਲਤ ਨੂੰ ਦੱਸਿਆ ਕਿ ਟੀਐੱਮਸੀ ਦਾ ਸੰਸਦ ਮੈਂਬਰ ਇੱਕ ਪ੍ਰਭਾਵਸ਼ਾਲੀ ਮੁਲਜ਼ਮ ਹੈ ਅਤੇ ਉਹ ਉਸ ਤੋਂ ਪੁੱਛ ਪੜਤਾਲ ਕਰਨਾ ਚਾਹੁੰਦੇ ਹਨ। ਜਸਟਿਸ ਯੂਯੂ ਲਲਿਤ ਦੀ ਅਗਵਾਈ ਹੇਠਲੇ ਬੈਂਚ ਨੇ ਅਭਿਸ਼ੇਕ ਬੈਨਰਜੀ ਤੇ ਉਸ ਦੀ ਪਤਨੀ ਵੱਲੋਂ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਜਾਰੀ ਪਟੀਸ਼ਨ ’ਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ। ਬੈਂਚ ਵਿੱਚ ਜਸਟਿਸ ਐੱਸਆਰ ਭੱਟ ਤੇ ਜਸਟਿਸ ਸੁਧਾਂਸ਼ੂ ਧੁਲੀਆ ਵੀ ਸ਼ਾਮਲ ਸਨ। -ਪੀਟੀਆਈ