ਨਵੀਂ ਦਿੱਲੀ, 21 ਸਤੰਬਰ
ਐਨਐਲਐੱਸਆਈਯੂ ਬੰਗਲੁਰੂ ਵੱਲੋਂ ਵੱਖਰੀ ਦਾਖ਼ਲਾ ਪ੍ਰੀਖਿਆ ਲੈਣ ਬਾਰੇ ਜਾਰੀ ਕੀਤਾ ਨੋਟੀਫ਼ਿਕੇਸ਼ਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਕੌਮੀ ਲਾਅ ਦਾਖ਼ਲਾ ਪ੍ਰੀਖਿਆ (ਐਨਲੈਟ) 12 ਸਤੰਬਰ ਨੂੰ ਲਿਆ ਗਿਆ ਸੀ। ਇਹ ਪ੍ਰੀਖਿਆ ਪੰਜ ਸਾਲਾ ਲਾਅ ਕੋਰਸ ਵਿਚ ਦਾਖ਼ਲੇ ਲਈ ਕਰਵਾਈ ਗਈ ਸੀ। ਸਿਖ਼ਰਲੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਵਿਦਿਆਰਥੀਆਂ ਨੂੰ ਹੁਣ ਸੀਲੈਟ 2020 ਦੇ ਨਤੀਜੇ ਦੇ ਆਧਾਰ ਉਤੇ ਹੀ ਦਾਖ਼ਲਾ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਕੌਮੀ ਸੰਸਥਾਵਾਂ ਨੂੰ ਸਾਂਝੇ ਤੌਰ ’ਤੇ ‘ਸੀਲੈਟ’ 28 ਸਤੰਬਰ ਨੂੰ ਕਰਵਾਉਣ ਲਈ ਕਿਹਾ ਹੈ। ‘ਸੀਲੈਟ’ ਕੌਮੀ ਪੱਧਰ ਦੀ ਦਾਖ਼ਲਾ ਪ੍ਰੀਖਿਆ ਹੈ ਤੇ ਇਸ ਦੇ ਆਧਾਰ ਉਤੇ ਭਾਰਤ ਵਿਚ 23 ਕੌਮੀ ਲਾਅ ਸੰਸਥਾਵਾਂ ਵਿਚ ਦਾਖ਼ਲਾ ਮਿਲਦਾ ਹੈ। ਬੰਗਲੁਰੂ ਦੀ ਐਨਐਲਐੱਸਆਈਯੂ ਵੀ ਇਨ੍ਹਾਂ ਵਿਚੋਂ ਹੀ ਇਕ ਹੈ। ਬੈਂਚ ਨੇ ਕਿਹਾ ਕਿ ਨਤੀਜਾ ਛੇਤੀ ਐਲਾਨ ਦਿੱਤਾ ਜਾਵੇ ਤਾਂ ਕਿ ਬੰਗਲੁਰੂ ਤੇ ਹੋਰ ਸੰਸਥਾਵਾਂ ਅਕਤੂਬਰ ਦੇ ਅੱਧ ਤੱਕ ਜਮਾਤਾਂ ਸ਼ੁਰੂ ਕਰ ਸਕਣ। ਸੰਸਥਾ ਵੱਲੋਂ ਵੱਖਰੀ ਪ੍ਰੀਖਿਆ ਕਰਵਾਉਣ ਖ਼ਿਲਾਫ਼ ਸਾਬਕਾ ਉਪ ਕੁਲਪਤੀ ਪ੍ਰੋ. ਆਰ ਵੈਂਕਟ ਰਾਓ ਤੇ ਇਕ ਪ੍ਰੀਖਿਆਰਥੀ ਦੇ ਮਾਪਿਆਂ ਨੇ ਅਪੀਲ ਪਾਈ ਸੀ। ਅਦਾਲਤ ਮੁਤਾਬਕ ਬੰਗਲੁਰੂ ਦੀ ਸੰਸਥਾ ਬੀਏ ਐੱਲਐੱਲਬੀ (ਆਨਰਜ਼) ਪ੍ਰੋਗਰਾਮ ਲਈ ਦਾਖ਼ਲਾ ਵੀ ਸੀਲੈਟ-2020 ਦੇ ਅਧਾਰ ਉਤੇ ਕਰੇ।
-ਪੀਟੀਆਈ