ਬੰਗਲੁਰੂ, 6 ਸਤੰਬਰ
ਬੰਗਲੂਰੂ ਵਿਚ ਜ਼ੋਰਦਾਰ ਮੀਂਹ ਕਾਰਨ ਥਾਂ-ਥਾਂ ਪਾਣੀ ਜਮ੍ਹਾਂ ਹੋਣ ਕਾਰਨ ਉੱਘੀਆਂ ਆਈਟੀ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ। ਸੂਚਨਾ ਤਕਨੀਕ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਬੰਗਲੂਰੂ ਸ਼ਹਿਰ ਮੀਂਹ ਕਾਰਨ ਜਲ-ਥਲ ਹੈ। ਕਈ ਥਾਈਂ ਜਲ ਤੇ ਬਿਜਲੀ ਸਪਲਾਈ ਵੀ ਕੱਟੀ ਗਈ ਹੈ। ਸ਼ਹਿਰ ਵਿਚ ਸਥਿਤ ਕਈ ਆਲਮੀ ਕੰਪਨੀਆਂ ਦੇ ਦਫ਼ਤਰ ਪਾਣੀ ਨਾਲ ਘਿਰੇ ਹੋਏ ਹਨ। ਕੰਪਨੀਆਂ ਕੋਲ ਪਾਵਰ ਬੈਕਅਪ ਹੋਣ ਕਾਰਨ ਕੰਮਕਾਜ ਪ੍ਰਭਾਵਿਤ ਨਹੀਂ ਹੋਇਆ ਹੈ, ਜਦਕਿ ਮੁਲਾਜ਼ਮਾਂ ਤੋਂ ਕੰਪਨੀਆਂ ਘਰੋਂ ਵੀ ਕੰਮ ਕਰਵਾ ਰਹੀਆਂ ਹਨ। ਸ਼ਹਿਰ ਦੇ ਕਈ ਮਸ਼ਹੂਰ ਰਿਹਾਇਸ਼ੀ ਇਲਾਕਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਹੈ। ਲੋਕਾਂ ਨੂੰ ਬਾਹਰ ਕੱਢਣ ਲਈ ਟਰੈਕਟਰਾਂ ਦੀ ਮਦਦ ਲਈ ਜਾ ਰਹੀ ਹੈ। ਹਵਾਈ ਅੱਡੇ ਤੋਂ ਉਡਾਣਾਂ ਆਮ ਵਾਂਗ ਚੱਲਣੀਆਂ ਸ਼ੁਰੂ ਹੋ ਗਈਆਂ ਹਨ। -ਪੀਟੀਆਈ