* ਹਿੰਸਕ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 440 ਹੋਈ
* ਫ਼ੌਜ ਵੱਲੋਂ ਹਾਲਾਤ ਕਾਬੂ ਹੇਠ ਲਿਆਉਣ ਦੇ ਯਤਨ ਜਾਰੀ
ਢਾਕਾ, 6 ਅਗਸਤ
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਤੇ ਦੇਸ਼ ਛੱਡ ਕੇ ਭੱਜਣ ਤੋਂ ਇਕ ਦਿਨ ਮਗਰੋਂ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੰਸਦ ਭੰਗ ਕਰ ਦਿੱਤੀ ਹੈ। ਇਸ ਦੌਰਾਨ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ (84) ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਮੁਖੀ ਥਾਪ ਦਿੱਤਾ ਗਿਆ ਹੈ। ਇਹ ਜਾਣਕਾਰੀ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀਆਂ ਤਾਕਤਾਂ ਹਾਸਲ ਹੋਣਗੀਆਂ। ਰਾਸ਼ਟਰਪਤੀ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ, ਸਿਆਸੀ ਪਾਰਟੀਆਂ ਦੇ ਆਗੂਆਂ, ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਤੇ ਐਂਟੀ-ਡਿਸਕ੍ਰਿਮੀਨੇਸ਼ਨ ਸਟੂਡੈਂਟ ਮੂਵਮੈਂਟ ਦੇ ਨੇਤਾਵਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਯੂਨਸ ਨੂੰ ਅੰਤਰਿਮ ਸਰਕਾਰ ਦਾ ਮੁਖੀ ਿਨਯੁਕਤ ਕਰਨ ਦਾ ਫੈਸਲਾ ਲਿਆ।
ਇਸ ਦੌਰਾਨ ਬੰਗਲਾਦੇਸ਼ ਦੀ ਫੌਜ ਨੇ ਸਿਖਰਲੇ ਅਹੁਦਿਆਂ ਵਿਚ ਵੱਡਾ ਫੇਰਬਦਲ ਕਰਦਿਆਂ ਨੈਸ਼ਨਲ ਟੈਲੀਕਮਿਊਨੀਕੇਸ਼ਨ ਮੌਨੀਟਰਿੰਗ ਸੈਂਟਰ (ਐੱਨਟੀਐੱਮਸੀ) ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਜ਼ਿਆਉਲ ਅਹਿਸਨ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਹੈ। ਲੈਫਟੀਨੈਂਟ ਜਨਰਲ ਮੁਹੰਮਦ ਸੈਫੁਲ ਆਲਮ ਨੂੰ ਵਿਦੇਸ਼ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੁਝ ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਬੰਗਲਾਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਹਸਨ ਮਹਿਮੂਦ ਤੇ ਸਾਬਕਾ ਮੰਤਰੀ ਜ਼ੁਨੈਦ ਅਹਿਮਦ ਪਲਕ ਨੂੰ ਦੇਸ਼ ਛੱਡਣ ਮੌਕੇ ਢਾਕਾ ਹਵਾਈ ਅੱਡੇ ’ਤੇ ਹਿਰਾਸਤ ਵਿਚ ਲੈ ਲਿਆ ਗਿਆ। ਮਹਿਮੂਦ ਦਿੱਲੀ ਲਈ ਉਡਾਣ ਲੈਣ ਦੀ ਤਿਆਰੀ ਵਿਚ ਸੀ। ਰਾਸ਼ਟਰਪਤੀ ਦਫ਼ਤਰ ਵੱੱਲੋਂ ਜਾਰੀ ਬਿਆਨ ਮੁਤਾਬਕ ਜੇਲ੍ਹ ਵਿਚ ਬੰਦ ਬੰਗਲਾਦੇਸ਼ ਨੈਸ਼ਨਲ ਪਾਰਟੀ ਦੀ ਚੇਅਰਪਰਸਨ ਤੇ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਪਹਿਲੀ ਜੁਲਾਈ ਤੋਂ ਹੁਣ ਤੱਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਰਿਹਾਅ ਕਰਨ ਦਾ ਅਮਲ ਸ਼ੁਰੂ ਹੋ ਗਿਆ ਹੈ ਤੇ ਕਈਆਂ ਨੂੰ ਰਿਹਾਅ ਵੀ ਕੀਤਾ ਜਾ ਚੁੱਕਾ ਹੈ। ਬੰਗਲਾਦੇਸ਼ ਵਿਚ ਸਰਕਾਰ ਵਿਰੋਧੀ ਮੁਜ਼ਾਹਰਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 440 ਹੋ ਗਈ ਹੈ। ਸਥਾਨਕ ਮੀਡੀਆ ਮੁਤਾਬਕ ਇਨ੍ਹਾਂ ਵਿਚੋਂ 100 ਤੋਂ ਵੱਧ ਮੌਤਾਂ ਸ਼ੇਖ ਹਸੀਨਾ ਦੇ ਦੇਸ਼ ਛੱਡਣ ਮਗਰੋਂ ਹੋਈਆਂ ਹਨ। ਉਧਰ ਫੌਜ ਵੱਲੋਂ ਮੁਲਕ ਵਿਚ ਹਾਲਾਤ ਕਾਬੂ ਹੇਠ ਲਿਆਉਣ ਲਈ ਯਤਨ ਜਾਰੀ ਹਨ। ਮੌਤਾਂ ਦੀ ਗਿਣਤੀ ਵਧਣ ਦੇ ਬਾਵਜੂਦ ਹਾਲਾਤ ਹੌਲੀ ਹੌਲੀ ਆਮ ਵਾਂਗ ਹੋਣ ਲੱਗੇ ਹਨ ਜਦੋਂਕਿ ਪੁਲੀਸ ਤੇ ਫੌਜੀ ਦਸਤਿਆਂ ਵੱਲੋਂ ਸੜਕਾਂ ’ਤੇ ਗਸ਼ਤ ਲਗਾਤਾਰ ਜਾਰੀ ਹੈ। ਸਰਕਾਰੀ ਨੌਕਰੀਆਂ ਵਿਚ ਵਿਵਾਦਿਤ ਰਾਖਵਾਂਕਰਨ ਨੂੰ ਲੈ ਕੇ ਹਸੀਨਾ ਖਿਲਾਫ਼ ਜਾਰੀ ਰੋਸ ਮੁਜ਼ਾਹਰਿਆਂ ਕਰਕੇ ਲੰਮੇ ਸਮੇਂ ਤੋਂ ਬੰਦ ਸਕੂਲ ਕਾਲਜ, ਮਦਰੱਸੇ, ਫੈਕਟਰੀਆਂ, ਨਿੱਜੀ ਸੰਸਥਾਵਾਂ ਤੇ ਯੂਨੀਵਰਸਿਟੀਆਂ ਅੱਜ ਖੁੱਲ੍ਹ ਗਈਆਂ। ਢਾਕਾ ਵਿਚ ਹਾਲਾਤ ਆਮ ਵਾਂਗ ਰਹੇ ਤੇ ਅਮਨ ਸ਼ਾਂਤੀ ਬਣੀ ਰਹੀ। ਬੱਸਾਂ ਤੇ ਹੋਰ ਸਰਕਾਰੀ ਵਾਹਨ ਸੜਕਾਂ ’ਤੇ ਨਜ਼ਰ ਆਏ ਤੇ ਵਪਾਰੀਆਂ ਨੇ ਦੁਕਾਨਾਂ ਖੋਲ੍ਹੀਆਂ। ਸੜਕਾਂ ’ਤੇ ਸਰਕਾਰੀ ਵਾਹਨ ਤੇ ਬੈਟਰੀ ਰਿਕਸ਼ਾ ਵੀ ਨਜ਼ਰ ਆਏ। ਬੰਗਾਲੀ ਭਾਸ਼ਾ ਦੇ ਅਖ਼ਬਾਰ ‘ਪ੍ਰਥਮ ਆਲੋ’ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਸੋਮਵਾਰ ਨੂੰ ਸ਼ੁਰੂ ਕੀਤੇ ਪੱਖਪਾਤ-ਵਿਰੋਧੀ ਅੰਦੋਲਨ ਦੌਰਾਨ ਢਾਕਾ ਸਣੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ 109 ਵਿਅਕਤੀ ਮਾਰੇ ਗਏ ਹਨ। ਅਖ਼ਬਾਰ ਨੇ ਕਿਹਾ, ‘‘ਪਿਛਲੇ 21 ਦਿਨਾਂ ਦੌਰਾਨ (16 ਜੁਲਾਈ ਤੋਂ 5 ਅਗਸਤ ਤੱਕ) ਰੋਸ ਮੁਜ਼ਾਹਰਿਆਂ ਦੌਰਾਨ ਮੌਤ ਦੇ ਮੂੰਹ ਪਏ ਲੋਕਾਂ ਦੀ ਗਿਣਤੀ 440 ਹੋ ਗਈ ਹੈ।’’ ਅਖ਼ਬਾਰ ਮੁਤਾਬਕ ਸੋਮਵਾਰ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਢਾਕਾ ਦੇ ਮੈਡੀਕਲ ਕਾਲਜ ਹਸਪਤਾਲ ਵਿਚ 37 ਲਾਸ਼ਾਂ ਲਿਆਂਦੀਆਂ ਗਈਆਂ ਹਨ। ਰੋਜ਼ਨਾਮਚੇ ਨੇ ਹਸਪਤਾਲ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ 500 ਲੋਕਾਂ ਨੂੰ ਗੋਲੀਆਂ ਦੇ ਜ਼ਖ਼ਮਾਂ ਸਣੇ ਹੋਰ ਕਈ ਸੱਟਾਂ ਫੇਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ‘ਢਾਕਾ ਟ੍ਰਿਬਿਊਨ’ ਅਖ਼ਬਾਰ ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਕਿ ਰਾਜਧਾਨੀ ਦੇ ਬਾਹਰਵਾਰ ਸਾਵਰ ਤੇ ਧਾਮਰਾਈ ਇਲਾਕਿਆਂ ਵਿਚ ਸੋਮਵਾਰ ਨੂੰ ਪੁਲੀਸ ਤੇ ਸ਼ਰਾਰਤੀ ਅਨਸਰਾਂ ਵਿਚਾਲੇ ਹੋਈਆਂ ਝੜਪਾਂ ਵਿਚ 18 ਵਿਅਕਤੀ ਮਾਰੇ ਗਏ। ਇਸੇ ਤਰ੍ਹਾਂ 6 ਵਿਅਕਤੀ ਹਬੀਬਗੰਜ, 8 ਜੈਸੋਰ, ਖੁਲਨਾ ਤੇ ਬਾਰੀਸਾਲ ’ਚ 3-3, ਲਕਸ਼ਮੀਪੁਰ ’ਚ 11, ਕੁਸ਼ਤੀਆ 6, ਸਤਖੀਰਾ 3 ਤੇ ਗਾਜ਼ੀਪੁਰ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਨੇ ਕਿਹਾ ਕਿ ਪੱਛਮੀ ਜੋਸ਼ੋਰ ਜ਼ਿਲ੍ਹੇ ਵਿਚ ਅਵਾਮੀ ਲੀਗ ਦੇ ਆਗੂ ਦੀ ਮਾਲਕੀ ਵਾਲੇ ਹੋਟਲ ਵਿਚ 24 ਵਿਅਕਤੀਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ, ਜਿਨ੍ਹਾਂ ਵਿਚ ਇੰਡੋਨੇਸ਼ੀਆ ਦਾ ਇਕ ਨਾਗਰਿਕ ਵੀ ਸ਼ਾਮਲ ਹੈ। ਇਸ ਦੌਰਾਨ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੋਮਵਾਰ ਦੇਰ ਰਾਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੇਸ਼ ਵਿਚ ਅਮਨ-ਕਾਨੂੰਨ ਨੂੰ ਆਮ ਵਾਂਗ ਕਰਨ ਲਈ ਕਿਹਾ ਹੈ। ਉਨ੍ਹਾਂ ਹਥਿਆਰਬੰਦ ਬਲਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੇ ਜਾਨ ਮਾਲ ਤੇ ਸਰਕਾਰੀ ਅਸਾਸਿਆਂ ਦੀ ਸੁਰੱਖਿਆ ਲਈ ਸਖ਼ਤ ਉਪਰਾਲੇ ਕਰਨ। ਹਸੀਨਾ ਸਰਕਾਰ ਦੇ ਤਖ਼ਤਾ ਪਲਟ ਮਗਰੋਂ ਪਹਿਲੇ ਦਿਨ ਸਕੱਤਰੇਤ ਦਾ ਮਾਹੌਲ ਬਹੁਤ ਤਲਖ਼ ਰਿਹਾ। ਸਕੱਤਰੇਤ ਲਈ ਜਾਰੀ ਦਾਖ਼ਲਾ ਪਾਸ ਰੱਦ ਕਰ ਦਿੱਤੇ ਗਏ। ਮੁੱਖ ਗੇਟ ’ਤੇ ਕੁਝ ਗਿਣਤੀ ਦੇ ਪੁਲੀਸ ਮੁਲਾਜ਼ਮ ਹੀ ਡਿਊਟੀ ਕਰਦੇ ਨਜ਼ਰ ਆਏ। ਮੰਤਰਾਲਿਆਂ ਵਿਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਵੀ ਘੱਟ ਰਹੀ। ਮੰਤਰੀ ਤੇ ਐੱਮਪੀਜ਼ ਵੀ ਗੈਰਹਾਜ਼ਰ ਰਹੇ ਤੇ ਜਿਹੜੇ ਕੁਝ ਆਏ ਉਹ ਡਰ ਤੇ ਖੌਫ਼ ਵਿਚ ਸਨ। ਹਸੀਨਾ ਦੀਆਂ ਵੱਖ ਵੱਖ ਥਾਵਾਂ ’ਤੇ ਲੱਗੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ। ਇਸ ਦੌਰਾਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਬੰਗਲਾਦੇਸ਼ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਉਧਰ ਬ੍ਰਿਟਿਸ਼ ਸਰਕਾਰ ਨੇ ਬੰਗਲਾਦੇਸ਼ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਵਿਦੇਸ਼ ਸਕੱਤਰ ਡੇਵਿਡ ਲੈਮੀ ਨੇ ਬੰਗਲਾਦੇਸ਼ ਵਿਚ ਪਿਛਲੇ ਦੋ ਹਫ਼ਤਿਆਂ ਦੌਰਾਨ ਹੋਈ ਗ਼ੈਰ-ਮਾਮੂਲੀ ਹਿੰਸਾ ਤੇ ਜਾਨੀ ਨੁਕਸਾਨ ਦੀ ਨਿਖੇਧੀ ਕੀਤੀ ਹੈ। -ਪੀਟੀਆਈ
ਅਮਰੀਕਾ ਵੱਲੋਂ ਸ਼ੇਖ਼ ਹਸੀਨਾ ਦਾ ਵੀਜ਼ਾ ਰੱਦ
ਨਵੀਂ ਦਿੱਲੀ:
ਪੱਛਮੀ ਮੁਲਕਾਂ ਦੇ ਦਖ਼ਲ ਤੇ ਦਬਾਅ ਮਗਰੋਂ ਅਮਰੀਕਾ ਨੇ ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਅਮਰੀਕਾ ਦੀ ਇਸ ਪੇਸ਼ਕਦਮੀ ਮਗਰੋਂ ਹਸੀਨਾ ਭਾਰਤ ਸਣੇ ਕਿਸੇ ਹੋਰ ਮੁਲਕ ਵਿਚ ਸਿਆਸੀ ਸ਼ਰਨ ਦੇ ਬਦਲ ’ਤੇ ਵਿਚਾਰ ਕਰ ਰਹੀ ਹੈ। ਹਸੀਨਾ ਦਾ ਅਮਰੀਕੀ ਵੀਜ਼ਾ ਉਸ ਮੌਕੇ ਰੱਦ ਕੀਤਾ ਗਿਆ ਹੈ ਜਦੋਂ ਅਜਿਹੀਆਂ ਰਿਪੋਰਟਾਂ ਸਨ ਕਿ ਅਮਰੀਕਾ ਸਣੇ ਹੋਰਨਾਂ ਪੱਛਮੀ ਮੁਲਕਾਂ ਵੱਲੋਂ ਹਸੀਨਾ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਬੰਗਲਾਦੇਸ਼ ਵਿਚ ਹਿੰਸਕ ਪ੍ਰਦਰਸ਼ਨਾਂ ਮਗਰੋਂ ਅਸਤੀਫ਼ਾ ਦੇ ਕੇ ਦੇਸ਼ ਛੱਡਣ ਵਾਲੀ ਹਸੀਨਾ ਇਸ ਵੇਲੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ’ਤੇ ਮੌਜੂਦ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਕਿਸੇ ਸੁਰੱਖਿਅਤ ਟਿਕਾਣੇ ’ਤੇ ਰੱਖਿਆ ਗਿਆ ਹੈ। ਹਸੀਨਾ ਵੱਲੋਂ ਯੂਰਪੀ ਮੁਲਕਾਂ ਵਿਚ ਸਿਆਸੀ ਸ਼ਰਨ ਦੇ ਬਦਲ ’ਤੇ ਵਿਚਾਰ ਕੀਤਾ ਜਾ ਰਿਹਾ ਸੀ। ਹਾਲਾਂਕਿ ਅਜਿਹੀਆਂ ਰਿਪੋਰਟਾਂ ਹਨ ਕਿ ਯੂਕੇ ਸਾਬਕਾ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਨੂੰ ਪਨਾਹ ਦੇਣ ਲਈ ਤਿਆਰ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਸੀਨਾ ਦੀ ਛੋਟੀ ਭੈਣ ਰਿਹਾਨਾ, ਜਿਸ ਕੋਲ ਯੂਕੇ ਦੀ ਨਾਗਰਿਕਤਾ ਹੈ, ਜਲਦੀ ਹੀ ਯੂਕੇ ਲਈ ਰਵਾਨਾ ਹੋ ਸਕਦੀ ਹੈ। ਸੋਮਵਾਰ ਨੂੰ ਬੰਗਲਾਦੇਸ਼ੀ ਫੌਜ ਨੇ ਸ਼ੇਖ਼ ਹਸੀਨਾ ਦੀ ਢਾਕਾ ਤੋਂ ਰਵਾਨਗੀ ਦਾ ਪ੍ਰਬੰਧ ਕੀਤਾ ਸੀ। -ਏਜੰਸੀ
ਭਾਰਤ ’ਚ ਕੁਝ ਹੋਰ ਦਿਨ ਰੁਕਣਾ ਪੈ ਸਕਦੈ
ਨਵੀਂ ਦਿੱਲੀ:
ਲੰਡਨ ਜਾਣ ਦੀਆਂ ਵਿਉਂਤਾਂ ਘੜ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਅਜੇ ਕੁਝ ਹੋਰ ਦਿਨ ਭਾਰਤ ਵਿਚ ਰਹਿਣਾ ਪੈ ਸਕਦਾ ਹੈ। ਸੋਮਵਾਰ ਸ਼ਾਮ ਨੂੰ ਸੀ-130ਜੇ ਫੌਜੀ ਮਾਲਵਾਹਕ ਜਹਾਜ਼ ਰਾਹੀਂ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਉੱਤੇ ਪੁੱਜੀ ਹਸੀਨਾ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਕਿਸੇ ਅਣਦੱਸੀ ਥਾਂ ਲਿਜਾਇਆ ਗਿਆ ਹੈ। ਹਸੀਨਾ ਆਪਣੀ ਛੋਟੀ ਭੈਣ ਸ਼ੇਖ਼ ਰਿਹਾਨਾ, ਜਿਸ ਕੋਲ ਯੂਕੇ ਦੀ ਨਾਗਰਿਕਤਾ ਹੈ, ਨਾਲ ਭਾਰਤ ਪੁੱਜੀ ਸੀ। ਰਿਹਾਨਾ ਦੀ ਧੀ ਬਰਤਾਨੀਆ ’ਚ ਸੰਸਦ ਮੈਂਬਰ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਲੰਡਨ ਵਿਚ ਸਿਆਸੀ ਪਨਾਹ ਲੈਣ ਦੇ ਚਰਚੇ ਸਨ, ਪਰ ਯੂਕੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕਾਨੂੰਨੀ ਸੁਰੱਖਿਆ ਦੇਣ ਤੋਂ ਇਨਕਾਰ ਦੇ ਸੰਕੇਤਾਂ ਤੇ ਅਮਰੀਕਾ ਵੱਲੋਂ ਹਸੀਨਾ ਦਾ ਵੀਜ਼ਾ ਰੱਦ ਕੀਤੇ ਜਾਣ ਮਗਰੋਂ ਹਸੀਨਾ ਨੂੰ ਭਾਰਤ ਸਣੇ ਹੋਰਨਾਂ ਮੁਲਕਾਂ ਵਿਚ ਸਿਆਸੀ ਸ਼ਰਨ ਲੈਣ ਬਾਰੇ ਸੋਚਣਾ ਪੈ ਸਕਦਾ ਹੈ। -ਪੀਟੀਆਈ