ਨਵੀਂ ਦਿੱਲੀ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸੋਮਵਾਰ ਨੂੰ ਚਾਰ ਰੋਜ਼ਾ ਦੌਰੇ ’ਤੇ ਭਾਰਤ ਆਉਣਗੇ। ਇਸ ਦੌਰਾਨ ਭਾਰਤ ਅਤੇ ਬੰਗਲਾਦੇਸ਼ ਰੱਖਿਆ, ਵਪਾਰ ਅਤੇ ਦਰਿਆਈ ਪਾਣੀ ਦੀ ਵੰਡ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਸਮਝੌਤੇ ਦਾ ਐਲਾਨ ਕਰ ਸਕਦੇ ਹਨ। ਸ਼ੇਖ ਹਸੀਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੰਗਲਵਾਰ ਨੂੰ ਹੋਣ ਵਾਲੀ ਗੱਲਬਾਤ ਮਗਰੋਂ ਦੋਵਾਂ ਦੇਸ਼ਾਂ ਵਿਚਕਾਰ ਕੁਸ਼ਿਆਰਾ ਦਰਿਆ ਦੇ ਪਾਣੀ ਦੀ ਵੰਡ ਸਮੇਤ ਕਈ ਸਮਝੌਤਿਆਂ ’ਤੇ ਦਸਤਖ਼ਤ ਹੋਣ ਦੀ ਉਮੀਦ ਹੈ। ਹਸੀਨਾ ਦਾ ਬੁੱਧਵਾਰ ਨੂੰ ਰਾਜਸਥਾਨ ਦੇ ਅਜਮੇਰ ਵਿੱਚ ਸੂਫ਼ੀ ਸੰਤ ਮੋਇਨੂਦੀਨ ਚਿਸ਼ਤੀ ਦੀ ਦਰਗਾਹ ’ਤੇ ਜਾਣ ਦਾ ਪ੍ਰੋਗਰਾਮ ਹੈ। ਹਸੀਨਾ ਦੇ ਵਫ਼ਦ ਵਿੱਚ ਵਿਦੇਸ਼ ਮੰਤਰੀ ਏਕੇ ਅਬਦੁਲ ਮੋਮਨ, ਵਣਜ ਮੰਤਰੀ ਟੀਪੂ ਮੁਨਸ਼ੀ, ਰੇਲ ਮੰਤਰੀ ਮੁਹੰਮਦ ਨੁਰੂਲ ਇਸਲਾਮ ਸੁਜਾਨ ਅਤੇ ਪ੍ਰਧਾਨ ਮੰਤਰੀ ਦੇ ਆਰਥਿਕ ਮਾਮਲਿਆਂ ਬਾਰੇ ਸਲਾਹਕਾਰ ਮਸ਼ੀਉਰ ਏਕੇਐੱਮ ਰਹਿਮਾਨ ਸ਼ਾਮਲ ਹੋਣਗੇ। ਪੰਜ ਸਤੰਬਰ ਤੋਂ ਅੱਠ ਸਤੰਬਰ ਤੱਕ ਚੱਲਣ ਵਾਲੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕਰਨਗੇ। -ਪੀਟੀਆਈ