ਢਾਕਾ, 1 ਜਨਵਰੀ
ਬੰਗਲਾਦੇਸ਼ ਦੇ ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਡਾ.ਮੁਹੰਮਦ ਯੂਨਸ ਨੂੰ ਕਿਰਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਅਦਾਲਤ ਨੇ ਅੱਜ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਯੂਨਸ ਦੇ ਹਮਾਇਤੀਆਂ ਨੇ ਕੋਰਟ ਦੇ ਫ਼ੈਸਲੇ ਨੂੰ ‘ਸਿਆਸਤ ਤੋਂ ਪ੍ਰੇਰਿਤ’ ਕਰਾਰ ਦਿੱਤਾ ਹੈ। ਲੇਬਰ ਕੋਰਟ ਦੀ ਜੱਜ ਸ਼ੇਖ ਮੈਰੀਨਾ ਸੁਲਤਾਨਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, ‘‘ਯੂਨਸ ਉੱਤੇ ਲੱਗੇ ਕਿਰਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਸਾਬਤ ਹੋਏ ਹਨ। ਇੰਜ ਲੱਗਦਾ ਹੈ ਕਿ ਦੋਸ਼ ਕਿਸੇ ਹੱਦਾਂ ਵਿੱਚ ਨਹੀਂ ਬੱਝੇ।’’ ਸਜ਼ਾ ਸੁਣਾਏ ਜਾਣ ਮੌਕੇ 83 ਸਾਲਾ ਯੂਨਸ ਕੋਰਟ ਵਿੱਚ ਹੀ ਮੌਜੂਦ ਸੀ। ਜੱਜ ਨੇ ਅਰਥਸ਼ਾਸਤਰੀ ਨੂੰ 25000 ਟਕੇ ਦਾ ਜੁਰਮਾਨਾ ਵੀ ਲਾਇਆ ਤੇ ਕਿਹਾ ਕਿ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 10 ਵਾਧੂ ਦਿਨ ਸਜ਼ਾ ਕੱਟਣੀ ਹੋਵੇਗੀ।