ਇੰਦੌਰ: ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿੱਚ ਚੂੜੀਆਂ ਵੇਚਣ ਵਾਲੇ ਨੌਜਵਾਨ ਦੀ ਭੀੜ ਵੱਲੋਂ ਕੁੱਟਮਾਰ ਕੀਤੀ ਗਈ। ਭੋਪਾਲ ਵਿੱਚ ਸੋਮਵਾਰ ਨੂੰ ਜਦੋਂ ਇਸ ਘਟਨਾ ਬਾਰੇ ਪੱਤਰਕਾਰਾਂ ਨੇ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਚੂੜੀਆਂ ਵੇਚਣ ਵਾਲਾ ਆਪਣੀ ਪਛਾਣ ਛੁਪਾ ਕੇ ਹਿੰਦੂ ਵਜੋਂ ਵਿਚਰ ਰਿਹਾ ਸੀ। ਇੰਦੌਰ ਦੇ ਗੋਵਿੰਦ ਨਗਰ ਇਲਾਕੇ ਵਿੱਚ ਐਤਵਾਰ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਪੁਲੀਸ ਨੇ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਉਧਰ ਚੂੜੀਆਂ ਵੇਚਣ ਵਾਲੇ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਵੀਡੀਓ ਵਿੱਚ ਕੁਝ ਵਿਅਕਤੀ ਚੂੜੀਆਂ ਵੇਚਣ ਵਾਲੇ ਨਾਲ ਖਿੱਚ-ਧੂਹ ਕਰ ਰਹੇ ਹਨ। ਪੀੜਤ ਵਿਅਕਤੀ ਦੀ ਪਛਾਣ ਤਸਲੀਮ ਅਲੀ ਵਜੋਂ ਹੋਈ ਹੈ। ਦੂਜੀ ਵੀਡੀਓ ਵਿੱਚ ਇਕ ਵਿਅਕਤੀ ਚੂੜੀਆਂ ਵੇਚਣ ਵਾਲੇ ਨੌਜਵਾਨ ਦੀ ਕੁੱਟਮਾਰ ਕਰਦਾ ਅਤੇ ਉਸ ਨੂੰ ਗਾਲ੍ਹਾਂ ਕੱਢਦਾ ਦਿਖਾਈ ਦੇ ਰਿਹਾ ਹੈ। ਉਹ ਵਿਅਕਤੀ ਦੂਜਿਆਂ ਨੂੰ ਉਸ ਨੂੰ ਕੁੱਟਣ ਲਈ ਭੜਕਾ ਰਿਹਾ ਹੈ ਅਤੇ ਉਸ ਨੂੰ ਇਸ ਇਲਾਕੇ ਵਿੱਚ ਮੁੜ ਦਿਖਾਈ ਨਾ ਦੇਣ ਲਈ ਧਮਕਾ ਰਿਹਾ ਹੈ। ਗ੍ਰਹਿ ਵਿਭਾਗ ਦੀ ਰਿਪਰੋਟ ਮੁਤਾਬਕ ਨੌਜਵਾਨ ਨੇ ਆਪਣਾ ਹਿੰਦੂ ਨਾਮ ਦੱਸਿਆ ਜਦੋਂ ਕਿ ਉਹ ਹੋਰ ਸਮੁਦਾਇ ਨਾਲ ਸਬੰਧਤ ਸੀ ਜੋ ਝਗੜੇ ਦਾ ਕਾਰਨ ਬਣਿਆ। ਇਸ ਸਬੰਧ ਵਿੱਚ ਉਸ ਨੌਜਵਾਨ ਕੋਲੋਂ ਦੋ ਆਧਾਰ ਕਾਰਡ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਦੋਵੇਂ ਧਿਰਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਨਾਲ ਸਬੰਧਿਤ ਪੀੜਤ ਵਿਅਕਤੀ ਨੇ ਐਤਵਾਰ ਨੂੰ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਗੋਵਿੰਦ ਨਗਰ ਇਲਾਕੇ ਵਿੱਚ ਪੰਜ ਛੇ ਵਿਅਕਤੀਆਂ ਨੇ ਉਸ ਦਾ ਨਾਮ ਪੁੱਛਿਆ, ਜਦੋਂ ਉਸ ਨੇ ਉਨ੍ਹਾਂ ਨੂੰ ਆਪਣਾ ਨਾਮ ਦੱਸਿਆ ਤਾਂ ਉਨ੍ਹਾਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਭੀੜ ਵਿੱਚੋਂ ਕੁਝ ਵਿਅਕਤੀਆਂ ਨੇ ਉਸ ਕੋਲੋਂ ਦਸ ਹਜ਼ਾਰ ਰੁਪਏ, ਮੋਬਾਈਲ ਫੋਨ, ਆਧਾਰ ਕਾਰਡ ਸਣੇ ਹੋਰ ਦਸਤਾਵੇਜ਼ ਅਤੇ ਚੂੜੀਆਂ ਖੋਹ ਲਈਆਂ। ਪੁਲੀਸ ਨੇ ਉਸ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। -ਪੀਟੀਆਈ