ਮੁੰਬਈ, 19 ਅਕਤੂਬਰ
ਮੌਜੂਦਾ ਵਿੱਤੀ ਸਾਲ ਦੌਰਾਨ ਬੈਂਕਾਂ ਦਾ ਵੱਟੇ-ਖਾਤੇ ਪਿਆ ਕਰਜ਼ਾ (ਐੱਨਪੀਏ) ਵਧ ਕੇ 8 ਤੋਂ 9 ਫ਼ੀਸਦੀ ਤੱਕ ਹੋ ਜਾਣ ਦਾ ਅਨੁਮਾਨ ਹੈ। ਕ੍ਰੈਡਿਟ ਰੇਟਿੰਗ ਦੇਣ ਵਾਲੀ ਏਜੰਸੀ ਕ੍ਰਿਸਿਲ ਦੀ ਰਿਪੋਰਟ ਵਿੱਚ ਇਹ ਗੱਲ ਆਖੀ ਗਈ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਵਿੱਤੀ ਸਾਲ 2017-18 ਦੇ ਅਖ਼ੀਰ ਦੇ 11.2 ਫੀਸਦੀ ਦੇ ਅੰਕੜੇ ਤੋਂ ਕਾਫ਼ੀ ਘੱਟ ਹੋਵੇਗਾ। ਏਜੰਸੀ ਮੁਤਾਬਕ ਕਰਜ਼ਾ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈਸੀਐੱਲਜੀਐੱਸ) ਵਰਗੇ ਕੋਵਿਡ-19 ਰਾਹਤ ਉਪਾਵਾਂ ਨਾਲ ਬੈਂਕ ਦੇ ਕੁੱਲ ਐੱਨਪੀਏ ਨੂੰ ਸੀਮਤ ਰੱਖਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ 2021-22 ਦੇ ਅਖ਼ੀਰ ਤੱਕ ਲਗਪਗ ਦੋ ਫ਼ੀਸਦੀ ਬੈਂਕ ਕਰਜ਼ੇ ਨੂੰ ਨਵੇਂ ਸਿਰਿਓਂ ਵਿਉਂਤੇ ਜਾਣ ਦੀ ਸੰਭਾਵਨਾ ਹੈ। ਰੇਟਿੰਗ ਏਜੰਸੀ ਦੇ ਸੀਨੀਅਰ ਡਾਇਰੈਕਟਰ ਅਤੇ ਡਿਪਟੀ ਚੀਫ ਰੇਟਿੰਗ ਅਫਸਰ ਕ੍ਰਿਸ਼ਨਨ ਸੀਤਾਰਾਮਨ ਨੇ ਰਿਪੋਰਟ ਵਿੱਚ ਕਿਹਾ, ‘‘ਪ੍ਰਚੂਨ ਅਤੇ ਐੱਮਐੱਸਐੱਮਈ (ਸੂਖਮ, ਛੋਟੇ ਤੇ ਦਰਮਿਆਨ ਉਦਯੋਗ) ਖੇਤਰਾਂ ਦਾ ਕੁੱਲ ਕਰਜ਼ੇ ਵਿੱਚ ਯੋਗਦਾਨ ਲਗਪਗ 40 ਫ਼ੀਸਦੀ ਹੈ। ਇਸ ਵਾਰ ਇਨ੍ਹਾਂ ਖੇਤਰਾਂ ਵਿੱਚ ਐਨਪੀਏ ਅਤੇ ਦਬਾਅ ਵਾਲੀਆਂ ਸੰਪਤੀਆਂ ਵਧ ਸਕਦੀਆਂ ਹਨ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਦਬਾਅ ਵਾਲੀਆਂ ਸੰਪਤੀਆਂ ਮੌਜੂਦਾ ਸਾਲ ਦੇ ਅਖ਼ੀਰ ਤੱਕ ਵਧ ਕੇ ਕ੍ਰਮਵਾਰ 4-5 ਫ਼ੀਸਦੀ ਅਤੇ 17-18 ਫ਼ੀਸਦੀ ਹੋ ਜਾਣ ਦਾ ਅੰਦਾਜ਼ਾ ਹੈ। -ਪੀਟੀਆਈ