ਸ੍ਰੀਨਗਰ, 18 ਅਗਸਤ
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਦਹਿਸ਼ਤਗਰਦ ਹਮਲੇ ਵਿਚ ਸੀਆਰਪੀਐਫ ਤੇ ਪੁਲੀਸ ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਆਰੰਭੀ ਤਲਾਸ਼ੀ ਤੇ ਭਾਲ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਅੱਜ ਤੀਜੇ ਦਹਿਸ਼ਤਗਰਦ ਨੂੰ ਹਲਾਕ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਜ਼ਿਲ੍ਹੇ ਦੇ ਕਰੀਰੀ ਇਲਾਕੇ ਵਿਚ ਸੋਮਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਫੱਟੜ ਹੋਏ ਦੋ ਫ਼ੌਜੀ ਜਵਾਨ, ਅੱਜ ਸ਼ਹੀਦ ਹੋ ਗਏ ਹਨ। ਜ਼ਿਕਰਯੋਗ ਹੈ ਕਿ ਹਮਲੇ ਮਗਰੋਂ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਸੀ ਤੇ ਦੋ ਨੂੰ ਹਲਾਕ ਕਰ ਦਿੱਤਾ ਸੀ। ਮਾਰੇ ਗਏ ਅਤਿਵਾਦੀਆਂ ਵਿਚ ਦਹਿਸ਼ਤਗਰਦ ਸੰਗਠਨ ਲਸ਼ਕਰ-ਏ-ਤਇਬਾ ਦਾ ਚੋਟੀ ਦਾ ਕਮਾਂਡਰ ਸੱਜਾਦ ਹੈਦਰ ਵੀ ਸ਼ਾਮਲ ਸੀ। ਇਕ ਹੋਰ ਅਤਿਵਾਦੀ ਅੱਜ ਹੋਏ ਮੁਕਾਬਲੇ ਵਿਚ ਮਾਰਿਆ ਗਿਆ ਹੈ। ਮੁਕਾਬਲੇ ਵਾਲੀ ਥਾਂ ਤੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਦਹਿਸ਼ਤਗਰਦਾਂ ਨੇ ਸੋਮਵਾਰ ਇਕ ਨਾਕੇ ਉਤੇ ਹਮਲਾ ਕੀਤਾ ਸੀ ਤੇ ਦੋ ਸੀਆਰਪੀਐਫ ਜਵਾਨ ਅਤੇ ਜੰਮੂ ਕਸ਼ਮੀਰ ਪੁਲੀਸ ਦਾ ਇਕ ਐੱਸਪੀਓ ਸ਼ਹੀਦ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਤੇ ਭਾਲ ਮੁਹਿੰਮ ਅਜੇ ਜਾਰੀ ਹੈ। -ਪੀਟੀਆਈ