ਸ੍ਰੀਨਗਰ, 1 ਸਤੰਬਰ
ਥਲ ਸੈਨਾ ਨੇ ਜੰਮੂ ਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਦਹਿਸ਼ਤਗਰਦਾਂ ਦੀਆਂ ਦੋ ਛੁਪਣਗਾਹਾਂ ਨੂੰ ਤਬਾਹ ਕੀਤਾ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਸਲਾਮਤੀ ਦਸਤਿਆਂ ਨੇ ਤਲਾਸ਼ੀ ਮੁਹਿੰਮ ਦੌਰਾਨ ਮੌਕੇ ਤੋਂ ਹਥਿਆਰਾਂ ਦਾ ਜ਼ਖੀਰਾ ਤੇ ਹੋਰ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ। ਤਰਜਮਾਨ ਨੇ ਕਿਹਾ ਕਿ ਮੌਕੇ ਦੇ ਮੁਆਇਨੇ ਤੋਂ ਇਹੀ ਲਗਦਾ ਹੈ ਕਿ ਕੰਟਰੋਲ ਰੇਖਾ ਨੇੜੇ ਸਰਹੱਦ ਪਾਰੋਂ ਹਥਿਆਰ ਤੇ ਹੋਰ ਗੋਲੀ ਸਿੱਕਾ ਸੁੱਟਿਆ ਜਾਂਦਾ ਸੀ, ਜਿਸ ਨੂੰ ਦਹਿਸ਼ਗਰਦ ਜਾਂ ਉਨ੍ਹਾਂ ਦੇ ਹੋਰ ਕਾਰਕੁਨ ਚੁੱਕ ਕੇ ਵਾਦੀ ਵਿੱਚ ਦਹਿਸ਼ਤੀ ਸਰਗਰਮੀਆਂ ਨੂੰ ਅੰਜਾਮ ਦਿੰਦੇ ਸੀ।
ਤਰਜਮਾਨ ਨੇ ਕਿਹਾ ਕਿ ਕੰਟਰੋਲ ਰੇਖਾ ਨੇੜੇ ਦਹਿਸ਼ਤਗਰਦਾਂ ਦੀਆਂ ਛੁਪਣਗਾਹਾਂ ਤੋਂ ਸਾਫ਼ ਹੈ ਕਿ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀਆਂ ਪਾਕਿਸਤਾਨੀ ਫੌਜ ਦੀ ਮਦਦ ਨਾਲ ਹਥਿਆਰਾਂ ਦੀ ਘੁਸਪੈਠ ਰਾਹੀਂ ਜੰਮੂ ਤੇ ਕਸ਼ਮੀਰ ਵਿੱਚ ਦਹਿਸ਼ਤੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕਰ ਰਹੀਆਂ ਹਨ। ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਰਾਮਪੁਰ ਸੈਕਟਰ ਵਿਚ ਕੰਟਰੋਲ ਰੇਖਾ ਦੇ ਨਾਲ ਕੁਝ ਲੋਕਾਂ ਦੀਆਂ ਸ਼ੱਕੀ ਸਰਗਰਮੀਆਂ ਸਲਾਮਤੀ ਦਸਤਿਆਂ ਦੀ ਨਿਗ੍ਹਾ ਵਿੱਚ ਆਈਆਂ ਸਨ। ਉਨ੍ਹਾਂ ਕਿਹਾ ਕਿ ਸੱਤ ਘੰਟੇ ਦੀ ਤਲਾਸ਼ੀ ਮੁਹਿੰਮ ਮਗਰੋਂ ਰਾਮਪੁਰ ਸੈਕਟਰ ਵਿੱਚ ਦੋ ਥਾਵਾਂ ਤੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਤੇ ਗੋਲੀ ਸਿੱਕਾ ਹੱਥ ਲੱਗਾ ਹੈ। ਹਥਿਆਰਾਂ ਵਿੱਚ ਛੇ ਏਕੇ ਲੜੀ ਦੀਆਂ ਰਾਈਫਲਾਂ(ਛੇ ਮੈਗਜ਼ੀਨ ਤੇ 1254 ਰੌਂਦ), 11 ਪਿਸਤੌਲ, 45 ਹੱਥਗੋਲੇ, ਦੋ ਯੂਬੀਜੀਐੱਲ ਗ੍ਰਨੇਡ ਤੇ ਦੋ ਕੈਨਵੁੱਡ ਰੇਡੀਓ ਸੈੱਟ ਬਰਾਮਦ ਹੋਏ ਹਨ। -ਪੀਟੀਆਈ