ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਇਕ ਅਤਿਵਾਦੀ ਮਾਰਿਆ ਗਿਆ। ਉਸ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਮੁਕਾਬਲਾ ਬਾਰਾਮੂਲਾ ਜ਼ਿਲ੍ਹੇ ਦੇ ਕਰੀਰੀ ’ਚ ਚੱਕ-ਏ-ਸਲੂਸਾ ਇਲਾਕੇ ’ਚ ਹੋਇਆ। ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਉਧਰ ਬਾਂਦੀਪੋਰਾ ਜ਼ਿਲ੍ਹੇ ’ਚ ਇਸਲਾਮਿਕ ਸਟੇਟ ਜੰਮੂ ਕਸ਼ਮੀਰ (ਆਈਐੱਸਜੇਕੇ) ਦੇ ਦਹਿਸ਼ਤਗਰਦਾਂ ਦੇ ਪੰਜ ਸਹਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇਨ੍ਹਾਂ ਵਿਅਕਤੀਆਂ ਨੇ ਸੈਨਾ ਦੇ ਕੈਂਪ ’ਤੇ ਹਮਲੇ ਲਈ ਉਥੋਂ ਦੀ ਰੇਕੀ ਕੀਤੀ ਸੀ। ਇਨ੍ਹਾਂ ’ਚੋਂ ਚਾਰ ਵਿਅਕਤੀ ਉੱਤਰੀ ਕਸ਼ਮੀਰ ਜ਼ਿਲ੍ਹੇ ਅਤੇ ਇਕ ਸ੍ਰੀਨਗਰ ਨਾਲ ਸਬੰਧਤ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਵਿਅਕਤੀ ਨੌਜਵਾਨਾਂ ਨੂੰ ਜਥੇਬੰਦੀ ’ਚ ਸ਼ਾਮਲ ਕਰਨ ਲਈ ਜ਼ੋਰ ਪਾਉਂਦੇ ਸਨ। ਉਹ ਚਿੱਟੀਬਾਂਡੀ ਅਰਾਗਾਮ ’ਚ ਆਈਐੱਸਜੇਕੇ ਦੇ ਝੰਡੇ ਬਣਾ ਕੇ ਸ੍ਰੀਨਗਰ ’ਚ ਆਪਣੇ ਸਾਥੀਆਂ ਨੂੰ ਸਪਲਾਈ ਕਰਦੇ ਸਨ। ਉਨ੍ਹਾਂ ਕੋਲੋਂ ਗੋਲੀ-ਸਿੱਕਾ ਵੀ ਬਰਾਮਦ ਹੋਇਆ ਹੈ।
ਉਧਰ ਪਾਕਿਸਤਾਨੀ ਰੇਂਜਰਸ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ’ਤੇ ਬਿਨ੍ਹਾਂ ਭੜਕਾਹਟ ਦੇ ਗੋਲਾਬਾਰੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਗੋਲਾਬਾਰੀ ਸ਼ੁੱਕਰਵਾਰ ਰਾਤ ਸਾਢੇ 11 ਵਜੇ ਸ਼ੁਰੂ ਹੋਈ ਜਿਸ ਦਾ ਬੀਐੱਸਐੱਫ ਦੇ ਜਵਾਨਾਂ ਨੇ ਢੁੱਕਵਾਂ ਜਵਾਬ ਦਿੱਤਾ। -ਪੀਟੀਆਈ